24/12/2024
ਜਦੋਂ ਮੁਗਲਾਂ ਦੀਆਂ ਜੁਬਾਨਾਂ ਮੁਕਰ ਗਈਆਂ ਤੇ ਏਧਰ ਮੇਆਨਾਂ ਵਿੱਚੋਂ ਕਿਰਪਾਨਾਂ ਨਿਕਲ ਆਈਆਂ, ਸੀਸ ਧੜਾਂ ਤੋਂ ਲੱਥਦੇ ਗਏ ਪਰ ਆਪਣੇ ਜਿਓਂਦੇ ਜੀਅ ਇੱਕ ਇੰਚ ਤੱਕ ਜ਼ਮੀਨ ਨਹੀਂ ਛੱਡੀ। ਸਤਿਗੁਰ ਕਹਿੰਦੇ ਇਹ ਝਗੜਾ ਨਿਬੜ ਜਾਣਾਂ ਸੀ , ਮੈਂ ਪ੍ਰੇਮ ਨਾਲ ਸਭ ਕੁੱਝ ਨਬੇੜ ਲੈਣਾਂ ਸੀ ਪਰ ਜੇਕਰ ਇਹ ਨੰਗੀਆਂ ਕਿਰਪਾਨਾਂ ਲੈ ਕੇ ਨਾਂ ਆਏ ਹੁੰਦੇ । ਖ਼ਬਰ ਇਹ ਹੈ ਕਿ ਚਾਲੀ ਪੰਜਾਹ ਸਿੰਘ ਆ ਗੜ੍ਹੀ ਦੇ ਅੰਦਰ ਪਰ ਕਿਸੇ ਦੀ ਜੁਰਤ ਨਹੀਂ ਸੀ ਕਿ ਅੰਦਰ ਜਾ ਬਾਜਾਂ ਵਾਲੇ ਦੇ ਕੁੰਢਲੀਏ ਨੂੰ ਲਲਕਾਰਾ ਮਾਰ ਸਕਦੇ,ਬਾਹਰੋਂ ਢੰਡੋਰਾ ਪਿਟਵਾਇਆ ਗਿਆ ਕੇ ਜਿਹੜਾ ਵੀ ਸਿੰਘ ਸਰੈਂਡਰ ਕਰਨਾਂ ਚਾਹੁੰਦਾ ਤਾਂ ਬਾਹਰ ਆਕੇ ਸਰੈਂਡਰ ਕਰ ਸਕਦੈ ਪਰ ਅੰਦਰੋਂ ਜਦੋਂ ਤੀਰਾਂ ਦੀ ਵਾਛੜ ਨਾਲ ਜਵਾਬ ਆਇਆ ਤਾਂ ਮੁਗਲਾਂ ਦੇ ਪੈਰ ਹਿੱਲ ਗਏ, ਸੋਚਣ ਲੱਗੇ ਕਿਸ ਮਿੱਟੀ ਦੇ ਬਣੇ ਹੋਏ ਨੇ ਸਿੱਖ?
ਬੱਸ ਏਥੇ ਹੀ ਜੰਗ ਦੀ ਸ਼ੁਰੂਆਤ ਹੁੰਦੀ ਏ, ਗੜ੍ਹੀ ਦੇ ਅੰਦਰੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣ ਲੱਗੇ। ਲੰਮਾਂ ਸਮਾਂ ਸਿੰਘਾਂ ਨੇ ਮੁਗਲਾਂ ਦੀ ਫੌਜ ਦਾ ਨੁਕਸਾਨ ਕੀਤਾ ਪਰ ਮੁਗਲ ਅੰਦਰ ਤੱਕ ਪਹੁੰਚ ਨਾਂ ਕਰ ਸਕੇ ,ਫਿਰ ਮੁਗਲਾਂ ਕੋਸ਼ਿਸ਼ ਕੀਤੀ ਗੜ੍ਹੀ ਦੀਆਂ ਪੌੜਿਆਂ ਚੜਨ ਦੀ ਪਰ ਗੁਰੂ ਸਾਹਿਬ ਦੇ ਤੀਰਾਂ ਦਾ ਲਗਾਤਾਰ ਸ਼ਿਕਾਰ ਹੁੰਦੇ ਗਏ।ਜਦੋਂ ਸਿੰਘਾਂ ਕੋਲ ਤੀਰਾਂ ਦੀ ਗਿਣਤੀ ਘਟਨ ਲੱਗੀ ਤਾਂ ਰਣਨੀਤੀ ਬਦਲੀ ਗਈ , ਮੁਗਲਾਂ ਨੇ ਗੜ੍ਹੀ ਦਾ ਦਰਵਾਜ਼ਾ ਤੋੜਨ ਦਾ ਫੈਸਲਾ ਲਿਆ ਤੇ ਗੁਰੂ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਰਣ ਤੱਤੇ ਵਿੱਚ ਸਰਬ ਲੋਹ ਦੀਆਂ ਕਿਰਪਾਨਾਂ ਖੜਕਾਈਆਂ ਜਾਣਗੀਆਂ। ਪੰਜ ਪੰਜ ਸਿੰਘਾਂ ਨੂੰ ਜਥੇ ਦੇ ਰੂਪ ਵਿੱਚ ਗੜ੍ਹੀ ਦਾ ਦਰਵਾਜ਼ਾ ਖੋਲ ਕੇ ਬਾਹਰ ਭੇਜਿਆ ਜਾਂਦਾ ਏ ਜੋ ਕੇ ਮੁਗਲਾਂ ਦੇ ਸੱਥਰ ਵਿਛਾ ਕੇ ਆਪ ਵੀ ਸ਼ਹਾਦਤਾਂ ਦਾ ਜਾਮ ਪੀੰਦੇ ਗਏ,
ਚਾਰ ਜਥੇ ਸ਼ਹੀਦ ਹੋ ਚੁੱਕੇ ਆ, ਇਹ ਸਾਰਾ ਵਰਤਾਰਾ ਸਾਹਿਬਜ਼ਾਦਾ ਅਜੀਤ ਨੇ ਗੜ੍ਹੀ ਉੱਪਰੋਂ ਆਪਣੇ ਅੱਖੀਂ ਵੇਖਿਆ ਅਤੇ ਗੁਰੂ ਪਾਸੋਂ ਰਣ ਵਿੱਚ ਜੂਝ ਕੇ ਸਹਾਦਤ ਪ੍ਰਾਪਤ ਕਰਨ ਦੀ ਆਗਿਆ ਮੰਗੀ, ਪਰ ਬਚੇ ਹੋਏ ਸਿੰਘ ਨਹੀਂ ਚਾਹੁੰਦੇ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਆਪ ਸ਼ਹਾਦਤ ਦੇਵੇ ,ਓਹਨਾ ਗੁਰੂ ਨੂੰ ਬੇਨਤੀ ਕੀਤੀ ਕਿ ਸਾਹਿਬਜ਼ਾਦਿਆਂ ਨੂੰ ਲੈ ਕੇ ਓਥੋਂ ਨਿਕਲ ਜਾਣ ,ਅੱਗੇ ਪੰਥ ਨੂੰ ਤੁਹਾਡੀ ਲੋੜ ਏ, ਪਰ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਜਿਹੜੇ ਸ਼ਹੀਦ ਹੋਏ ਪਏ ਨੇ ਇਹ ਸਾਰੇ ਮੇਰੇ ਸਾਹਿਬਜ਼ਾਦੇ ਨੇ , ਤੁਸੀਂ ਸਾਰੇ ਅਤੇ ਪੂਰਾ ਖਾਲਸਾ ਪੰਥ ਮੇਰਾ ਪੁੱਤਰ ਏ। ਅਜੀਤ ਸਿੰਘ ਪੰਜ ਸਿੰਘਾਂ ਸਮੇਤ ਜੰਗ ਮੈਦਾਨ ਵਿੱਚ ਉੱਤਰਦੇ ਆ, ਓਹ ਯੁੱਧ ਕਲਾ ਵਿੱਚ ਐਨੇ ਮਾਹਰ ਆ ਕਿ ਐਦਾਂ ਲੱਗਦਾ ਸੀ ਜਿੱਦਾਂ ਮਹਾਂਕਾਲ ਆਪ ਆ ਕੇ ਦੁਸ਼ਮਣਾਂ ਤੇ ਮੌਤ ਦਾ ਤਾਂਡਵ ਕਰ ਰਿਹਾ ਹੋਵੇ। ਅਜੀਤ ਸਿੰਘ ਦਾ ਕੋਈ ਵੀ ਤੀਰ ਖਾਲੀ ਨਹੀਂ ਜਾ ਰਿਹਾ। ਫਿਰ ਅਖੀਰ ਜਦੋਂ ਭੱਥੇ ਵਿੱਚੋਂ ਤੀਰ ਮੁੱਕਣ ਲੱਗੇ ਤੇ ਵੈਰੀ ਨੂੰ ਵੀ ਇਲਮ ਹੋ ਗਿਆ ਕਿ ਇਹ ਗੁਰੂ ਪੁੱਤਰ ਅਜੀਤ ਸਿੰਘ ਏ, ਓਹ ਉਸਨੂੰ ਜਿਓਂਦਾ ਫੜ੍ਰਨਾ ਚਾਹੁੰਦੇ ਆ। ਇੱਕ ਪਠਾਨ ਜਦੋਂ ਅਜੀਤ ਸਿੰਘ ਨੂੰ ਫੜ੍ਹਨ ਲਈ ਅੱਗੇ ਵਧਿਆ ਤਾਂ ਅਜੀਤ ਸਿੰਘ ਨੇਜਾ ਓਹਦੀ ਛਾਤੀ ਵਿੱਚ ਮਾਰ ਕੇ ਛੇਕ ਕਰ ਦਿੰਦੇ ਨੇ। ਨੇਜ਼ਾ ਕੱਢਣ ਲੱਗਿਆ ਨੇਜ਼ਾ ਟੁੱਟ ਗਿਆ ਪਰ ਹਿੰਮਤ ਨਹੀਂ ਹਾਰੀ, ਲੰਮਾ ਸਮਾਂ ਕਿਰਪਾਨ ਫੜ੍ਹ ਕੇ ਲੜਦੇ ਰਹੇ। ਅਖੀਰ ਸਾਹਿਬਜ਼ਾਦੇ ਦੇ ਘੋੜੇ ਨੂੰ ਤੀਰ ਲੱਗਾ ਓਹ ਜਖਮੀ ਹੋ ਕੇ ਡਿੱਗ ਪਿਆ, ਪਰ ਅਜੀਤ ਸਿੰਘ ਅਜੇ ਵੀ ਪੈਦਲ ਮੁਗਲਾ ਦੇ ਸੀਸ ਲਾਹ ਰਿਹਾ ਏ, ਏਨੇ ਨੂੰ ਪਿੱਛੋਂ ਕਿਸੇ ਪਠਾਨ ਨੇ ਅਜੀਤ ਸਿੰਘ ਦੇ ਬਰਛਾ ਆਰ ਪਾਰ ਕਰ ਦਿੱਤਾ , ਫਿਰ ਉਸ ਤੋਂ ਬਾਅਦ ਇਨਾਮ ਲੈਣ ਦੀ ਚਾਹਤ ਵਿੱਚ ਵੱਧ ਚੜ ਕੇ ਅਜੀਤ ਸਿੰਘ ਤੇ ਵਾਰ ਕੀਤੇ ਗਏ, ਉਸਦਾ ਪੂਰਾ ਸਰੀਰ ਵਿੰਨ ਦਿੱਤਾ ਗਿਆ, 300 ਤੋਂ ਵੱਧ ਫਟ ਸਾਹਿਬਜ਼ਾਦੇ ਦੇ ਸਰੀਰ ਉੱਪਰ ਸਨ।
ਵੱਡੇ ਨੂੰ ਸ਼ਹੀਦ ਹੋਇਆ ਦੇਖ ਓਹੀ ਜਜ਼ਬਾ ਲੈ ਕੇ ਜੁਝਾਰ ਸਿੰਘ ਨੇ ਗੁਰੂ ਪਿਤਾ ਤੋਂ ਆਗਿਆ ਮੰਗੀ ,ਗੁਰੂ ਸਾਹਿਬ ਨੇ ਮੱਥਾ ਚੁੰਮ ਕੇ ਆਗਿਆ ਦਿੱਤੀ ਪੰਜ ਸਿੰਆ ਸਮੇਤ ਜੁਝਾਰ ਸਿੰਘ ਗੜ੍ਹੀ ਤੋਂ ਬਾਹਰ ਆ ਰਹੇ ਆ। ਗੜੀ ਦਾ ਦਰਵਾਜ਼ਾ ਖੁੱਲਦੀਆਂ ਮੁਗਲਾਂ ਨੇ ਘੇਰਾ ਪਾ ਲਿਆ,ਕਿਓਂਕਿ ਅਜੀਤ ਸਿੰਘ ਨੇ ਜੋ ਮੁਗਲਾ ਦਾ ਨੁਕਸਾਨ ਕੀਤਾ ਉਸ ਤੋਂ ਉਹ ਡਰ ਚੁੱਕੇ ਸੀ । ਪਰ ਗੁਰੂ ਸਾਹਿਬ ਨੇ ਉਪਰੋਂ ਤੀਰਾਂ ਦੀ ਵਰਖਾ ਕੀਤੀ ਅਤੇ ਘੇਰਾ ਤੋੜ ਦਿੱਤਾ। ਸਾਹਿਬਜ਼ਾਦਾ ਅੱਗੇ ਵਧਿਆ। ਓਹਨੂੰ ਅਜੀਤ ਵਾਂਗ ਯੁੱਧ ਕਲਾ ਨਹੀਂ ਆਉਂਦੀ ਪਰ ਓਹ ਆਪਣੇ ਵਿਤ ਤੋਂ ਵੱਧ ਕੇ ਇਸ ਤਰਾਂ ਲੜ ਰਿਹਾ ਜਿਵੇਂ ਕਈ ਜੰਗਾਂ ਲੜ ਚੁੱਕਾ ਹੋਵੇ, ਅਖੀਰ ਲੱਖਾਂ ਮੂਹਰੇ ਕਿੰਨਾ ਚਿਰ ਟਿਕਦਾ, ਓਹ ਵੀ ਸ਼ਹਾਦਤ ਦਾ ਜਾਮ ਪੀ ਗਿਆ।
ਕਲਗੀਆਂ ਵਾਲੇ ਨੇ ਜੋਂ ਕਰਕੇ ਵਿਖਾਇਆ ਓਹ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਏ। ਪਰ ਅਸਲ ਵਿੱਚ ਕਰਨ ਵਾਸਤੇ ਬਹੁਤ ਵੱਡਾ ਜੇਰਾ ਚਾਹੀਦਾ। ਓਹਨਾਂ ਆਪਣਾ ਸਭ ਕੁੱਝ ਉਜਾੜ ਕੇ ਆਪ ਖਾਲਸੇ ਅੰਦਰ ਨਿਵਾਸ ਕਰ ਲਿਆ। ਅੱਗੇ ਬਾਜਾਂ ਵਾਲੇ ਦੇ ਖਾਲਸੇ ਨੇ ਓਹ ਸਭ ਕੁੱਝ ਕਰ ਕੇ ਵਿਖਾਇਆ ਜੋ ਓਹਨਾ ਔਰੰਗਜ਼ੇਬ ਨੂੰ ਚੈਲੈੰਜ ਕੀਤੇ ਸਨ। ਪਿਆਰਿਓ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜ਼ਰੂਰ ਜੋੜੋ। ਜੇ ਇਤਿਹਾਸ ਤੋਂ ਦੂਰ ਹੋਗੇ ਤਾਂ ਸਾਡੀ ਇਸ ਧਰਤੀ ਤੇ ਕੋਈ ਪਛਾਣ ਨਹੀਂ ਰਹਿਣੀ।
ਅਨੰਦਪੁਰ ਤੋਂ ਖੈਹਬਰ.