13/03/2026
ਗੈਸ ਸਿਲੰਡਰਾਂ ਨੇ ਸੰਸਦ ਤੋਂ ਸੜਕਾਂ, ਚੌਕਾਂ ਤੋਂ ਪਿੰਡਾਂ ਤੱਕ ਲੋਕ ਹਿਲਾ ਛੱਡੇ। ਏਜੰਸੀਆਂ ਮੂਹਰੇ ਕਤਾਰਾਂ ਇਉਂ ਦਿਸਦੀਆਂ, ਜਿਵੇਂ ਨੋਟਬੰਦੀ ਵੇਲ਼ੇ ਬੈਂਕਾਂ ਮੂਹਰੇ ਸੀ। ਅੱਜ ਲੁਧਿਆਣਾ ’ਚ ਮੋਟਰਸਾਈਕਲ ਸਵਾਰਾਂ ਨੇ ਸਿਲੰਡਰ ਲੁੱਟ ਲਏ। ਘਰੇਲੂ ਸਿਲੰਡਰ ਬਲੈਕ ’ਚ ਦੋ-ਦੋ ਹਜ਼ਾਰ ਤੱਕ ਤੇ ਕਮਰਸ਼ੀਅਲ ਚਾਰ ਹਜ਼ਾਰ ਤੱਕ ਮਿਲ ਰਿਹਾ।
ਯੂ.ਪੀ. ’ਚ ਪੁਲਸ ਦੀ ਨਿਗਰਾਨੀ ’ਚ ਸਿਲੰਡਰ ਮਿਲ ਰਹੇ। ਸਰਕਾਰ ਕਹਿੰਦੀ ਪਹਿਲਾਂ ਸਾਢੇ ਪੰਦਰਾਂ ਲੱਖ ਸਿਲੰਡਰ ਰੋਜ਼ਾਨਾ ਬੁਕ ਹੁੰਦੇ ਸੀ, ਹੁਣ ਸਾਢੇ ਪਝੱਤਰ ਲੱਖ ਹੋਣ ਲੱਗੇ ਨੇ। ਵਜ੍ਹਾ ਜਮ੍ਹਾਂਖੋਰੀ।
ਐਮਾਜੋਨ ’ਤੇ ਇੱਕੋ ਦਿਨ ’ਚ 1 ਲੱਖ 34 ਹਜ਼ਾਰ ਇੰਡਕਸ਼ਨ ਵਿਕ ਗਏ। ਪਹਿਲਾਂ ਮਹੀਨੇ ’ਚ 1 ਲੱਖ 80 ਹਜ਼ਾਰ ਵਿਕਦੇ ਸੀ। ਕੋਲ਼ਾ ਤੇ ਲੱਕੜ ਮਹਿੰਗੀ ਹੋ ਗਈ। ਹੋਟਲਾਂ, ਢਾਬਿਆਂ ਨੇ ਰੇਟ ਵਧਾ ਦਿੱਤੇ।
ਇਹ ਜੰਗ ਦਾ ਅਸਰ ਹੈ। ਜੰਗ ਸਿੱਧਾ ਬੰਬਾਂ, ਮਜੈਲਾਂ ਨਾਲ ਨਹੀਂ ਡਰਾਉਂਦੀ। ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਦੀ ਕਿੱਲਤ ਤੇ ਮਹਿੰਗਾਈ ਨਾਲ ਵੀ ਹਮਲਾ ਕਰਦੀ ਹੈ।
ਜਦੋਂ ਇਹ ਬਿਆਨ ਆਵੇ, ‘ਸਾਡੇ ਕੋਲ ਗੈਸ, ਤੇਲ ਦੇ ਪੂਰੇ ਭੰਡਾਰ ਨੇ, ਚੀਜ਼ ਮਹਿੰਗੀ ਨਹੀਂ ਹੋਣ ਦਿਆਂਗੇ’ ਤਾਂ ਆਪ ਸੋਚਿਆ ਕਰੋ ਕਿ ਇਹ ਕਿਵੇਂ ਹੋ ਸਕਦਾ?