
21/07/2023
ਮੋਹਾਲੀ ਦੇ ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ
ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ ਦਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸਿੱਖਿਆ ਮੰਤਰੀ
21 ਜੁਲਾਈ 2023
ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੋਹਾਲੀ ਦੇ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79 ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਸੀ, ਜਿਸ ਕਾਰਨ ਇਸ ਨਿੱਜੀ ਸਕੂਲ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਸੀ ਕਿ ਉਕਤ ਸਕੂਲ ਵੱਲੋ ਪੰਜਾਬੀ ਭਾਸਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਸੀ ਇਸ ‘ਤੇ ਕਾਰਵਾਈ ਕਰਦਿਆਂ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਸਬੰਧਤ ਨਿੱਜੀ ਸਕੂਲ ਨੂੰ ਪੱਤਰ ਜਾਰੀ ਕਰਕੇ ਸੁਣਵਾਈ ਲਈ ਤਲਬ ਕੀਤਾ ਗਿਆ ਸੀ।
ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲ ਨੂੰ ਦਿੱਤੀ ਐਨ.ਓ,ਸੀ ਦੀ ਉਲੰਘਣਾ ਕਰਦਿਆਂ ਅਤੇ ‘ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਐਕਟ 2008’ ਦੇ ਪੰਨਾ 2 ਲੜੀ ਨੰਬਰ 3 ਵਿੱਚ ਦਰਜ ਹਦਾਇਤ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਐਮਿਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਨੂੰ ‘ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਅਮੈਂਡਮੈਂਟ ਐਕਟ 2021’ ਦੇ ਨਿਯਮ ਅਨੁਸਾਰ ਸ਼ਰਤਾਂ ਦੀ ਪਹਿਲੀ ਵਾਰ ਉਲੰਘਣਾ ਕਰਨ ‘ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ ਅਤੇ ਸਬੰਧਤ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਅਗਲੇ ਪੰਜ ਦਿਨਾਂ ਵਿੱਚ ਜ਼ੁਰਮਾਨਾ ਰਾਸ਼ੀ ਜਮ੍ਹਾ ਕਰਵਾ ਕੇ ਰਿਪਰੋਟ ਪੇਸ਼ ਕੀਤੀ ਜਾਵੇ।
ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਪ੍ਰਤੀ ਕਿਸੇ ਵੀ ਕਿਸਮ ਦੀ ਬੇਰੁਖ਼ੀ ਅਪਣਾਉਣ ਵਾਲੇ ਸਕੂਲਾਂ ਨੂੰ ਬਖ਼ਸੇਗੀ ਨਹੀਂ ਅਤੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ। ਉਹਨਾਂ ਨੇ ਬਾਕੀ ਨਿੱਜੀ ਸਕੂਲ ਨੂੰ ਪੰਜਾਬੀ ਵਿਸ਼ਾ ਲਾਜ਼ਮੀ ਤੌਰ ‘ਤੇ ਪੜਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ।
Harjot Singh Bains
#ਸਕੂਲ_ਸਿੱਖਿਆ_ਵਿਭਾਗ_ਪੰਜਾਬ