26/08/2025
ਹੜ੍ਹਾਂ ਵਰਗੇ ਹਲਾਤਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ :
ਬਰਸਾਤੀ ਮੌਸਮ ਦੌਰਾਨ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਣ ਅਤੇ ਤੰਦਰੁਸਤ ਰਹਿਣ ਲਈ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ: ਡਾ ਜਗਦੀਪ ਚਾਵਲਾ ਸਿਵਲ ਸਰਜਨ
ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਲਗਾਤਾਰ ਬਰਸਾਤ ਹੋਣ ਕਾਰਨ ਹੜ੍ਹਾਂ ਵਰਗੇ ਹਲਾਤ ਬਣੇ ਹੋਏ ਹਨ ।ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਚ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਲੋਕਾਂ ਨੂੰ ਬਰਸਾਤੀ ਮੌਸਮ ਕਾਰਨ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਜਾਗਰੁਕ ਕੀਤਾ ਜਾਵੇ ਅਤੇ ਨਾਲ ਹੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ।ਉਨ੍ਹਾ ਕਿਹਾ ਕਿ ਪੀਣ ਲਈ ਸਿਰਫ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ, ਪੀਣ ਵਾਲੇ ਪਾਣੀ ਨੂੰ ਉਬਾਲ ਕਰਕੇ ਠੰਡਾ ਕਰਕੇ ਪੀਣ ਲਈ ਵਰਤਿਆ ਜਾਵੇ, ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਹੱਥ ਥੋਤੇ ਜਾਣ, ਹੜਾਂ ਦੇ ਪਾਣੀ ਨਾਲ ਗਿੱਲੇ ਖਾਣੇ ਨੂੰ ਖਾਣ ਤੋਂ ਪ੍ਰਹੇਜ ਕੀਤਾ ਜਾਵੇ, ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਜੇਕਰ ਕਿਸੇ ਏਰੀਏ ਵਿਚ ਇਕ ਹੀ ਜਗ੍ਹਾ ਤੇ ਤਿੰਨ ਤੋਂ ਵੱਧ ਇਨਫੈਕਸ਼ਨ ਜਾਂ ਦਸਤਾਂ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ। ਹੜਾਂ ਦੋਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਪੂਰੀ ਬਾਂਹ ਵਾਲੇ ਕੱਪੜੇ ਪਾਏ ਜਾਣ ਅਤੇ ਪੈਰਾਂ ਵਿਚ ਰਬੜ ਦੇ ਬੂਟ ਪਾਏ ਜਾਣ, ਇਨਫੈਕਸ਼ਨ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਹੜਾਂ ਦੋਰਾਨ ਸੱਪ ਦੇ ਕੱਟਣ ਦੀਆ ਘਟਨਾਵਾਂ ਆਮ ਹੋ ਜਾਂਦੀਆਂ ਹਨ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜੇ ਪਾਣੀ ਵਿਚ ਨਾ ਜਾਉ ਅਤੇ ਜੇਕਰ ਪਾਣੀ ਵਿਚ ਜਾਣਾ ਜਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਉ,ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਇਸ ਸਮੇਂ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤਾਂ ਦੋਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਸਾਰੀਆ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਦਿੱਤਾ ਜਾ ਰਿਹਾ ਹੈ।ਸਾਨੂੰ ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਪੀਣਾ ਚਾਹੀਦਾ ਹੈ, ਪਾਣੀ ਸਾਫ਼ ਕਰਨ ਲਈ ਸਿਹਤ ਵਿਭਾਗ ਵੱਲੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਆਪਣੀ ਨਿੱਜੀ ਸਫ਼ਾਈ ਅਤੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਖਾਣ ਪੀਣ ਵਾਲੀਆਂ ਵਸਤਾਂ ਹਮੇਸ਼ਾ ਢੱਕ ਕੇ ਰੱਖੋ। ਜਿਆਦਾ ਪੱਕੇ ਹੋਏ ਜਾਂ ਕੱਟੇ ਹੋਏ ਫ਼ਲ ਜਾਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ।ਬਜਾਰਾਂ ਵਿੱਚ ਵਿਕ ਰਹੇ ਪੱਕੇ ਅਤੇ ਕੱਟੇ ਹੋਏ ਫਲ ਅਤੇ ਸਬਜੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਬਾਸੀ ਖਾਣਾ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ।ਬਜ਼ਾਰਾਂ ਵਿਚੋਂ ਲਿਆ ਕੇ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ। ਮੱਖੀਆਂ ਤੋਂ ਬਚਾਅ ਲਈ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ , ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਬਿਮਾਰੀ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
ਜਿਲ੍ਹਾ ਮਾਸ ਮੀਡੀਆ ਅਫ਼ਸਰ,
ਸ੍ਰੀ ਮੁਕਤਸਰ ਸਾਹਿਬ।