31/01/2025
ਇਹ ਗੱਲ ਮਸ਼ਹੂਰ ਹੈ ਕਿ ਅੰਗ੍ਰੇਜਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਿਪਦਾ ਕਿਉਂਕਿ ਇਤਿਹਾਸ ਵਿੱਚ ਇੱਕ ਸਮੇਂ ਦੁਨੀਆ ਦੇ ਅਨੇਕਾਂ ਦੇਸ਼ਾਂ ਤੇ ਓਹਨਾਂ ਦਾ ਰਾਜ ਸੀ। ਜ਼ਾਹਿਰ ਹੈ ਕਿ ਜਿਹੜੇ ਦੇਸ਼ ਤੇ ਉਹ ਆਪਣੀ ਹਕੂਮਤ ਚਲਾਉਂਦੇ, ਓਥੋਂ ਦਾ ਪੈਸਾ, ਸੋਨਾ ਅਤੇ ਜਵਾਰਾਤ ਵੀ ਆਪਣੇ ਨਾਲ ਲੈ ਜਾਂਦੇ ਜਿਸ ਕਾਰਨ ਉਹ ਅਮੀਰ ਹੁੰਦੇ ਗਏ ਤੇ ਖੁੱਲ੍ਹਾ ਖਾਂਦੇ-ਪੀਂਦੇ ਰਹੇ। ਪਰ ਖਾਣ-ਪੀਣ ਦੀ ਇਹ ਭਰਮਾਰ ਦਾ ਦੂਸਰਾ ਪਹਿਲੂ ਇਹ ਸੀ ਕਿ ਦੁਨੀਆ ਵਿੱਚ ਸਭ ਤੋਂ ਪਹਿਲਾਂ ਮੋਟਾਪੇ ਦੀ ਸਮੱਸਿਆ ਵੀ ਓਹਨਾਂ ਨੂੰ ਹੀ ਆਉਣੀ ਸ਼ੁਰੂ ਹੋਈ।
ਅਜਿਹੇ ਦੇਸ਼ ਅਕਸਰ ਹੀ ਬੁਰਾਈ ਦਾ ਸਿਰ ਕੁੱਖ ਵਿੱਚ ਭੰਨ ਦਿੰਦੇ ਹਨ ਤੇ ਓਹਨਾਂ ਨੇ ਆਪਣੇ ਸਿਹਤ ਮਹਿਕਮੇ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਅਜਿਹੇ ਬਦਲਾਓ ਲਿਆਂਦੇ ਕਿ ਛੇਤੀ ਹੀ ਇਸ ਸਮੱਸਿਆ ਤੇ ਕਾਬੂ ਪਾ ਲਿਆ। ਅੱਜ ਦੇ ਤਰੀਕ ਵਿੱਚ ਜਿਆਦਾਤਰ ਅੰਗ੍ਰੇਜ਼ ਬਹੁਤ ਫਿੱਟ ਹਨ ਜਿਸ ਕਾਰਨ ਮੋਟਾਪਾ ਜਾਂ ਉਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਗਿਣਤੀ ਵੀ ਬਹੁਤ ਘੱਟ ਹੈ।
ਪਰ ਦੂਜੇ ਪਾਸੇ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਪਿਛਲੇ 20-30 ਸਾਲਾਂ ਵਿੱਚ ਆਰਿਥਕ ਪੱਖ ਤੋਂ ਜਿੰਨੀ ਕੁ ਵੀ ਤਰੱਕੀ ਹੋਈ ਹੈ, ਉਸ ਨੇ ਸਾਡੀ ਖੁਰਾਕ ਵਧਾਉਣ ਦੇ ਨਾਲ ਨਾਲ ਜਿਆਦਾ ਮਿੱਠੇ ਅਤੇ ਤੇਲ ਵਾਲੀਆਂ ਚੀਜ਼ਾਂ ਖਾਣ ਦੀ ਵੀ ਸਾਨੂੰ ਖੁੱਲ੍ਹ ਦਿੱਤੀ ਹੈ। ਇਸ ਦਾ ਸਿੱਧਾ ਅਸਰ ਹੈ ਕਿ ਸਾਡੇ ਦੇਸ਼ ਦੀ ਜਨਤਾ ਖਾਸਕਰ ਪੰਜਾਬੀਆਂ ਵਿੱਚ ਮੋਟਾਪੇ ਦੀ ਸਮੱਸਿਆ ਵੱਧ ਰਹੀ ਹੈ। ਅੰਕੜੇ ਸਾਫ ਦੱਸਦੇ ਹਨ ਕਿ ਅਗਲੇ 15 ਸਾਲਾਂ ਵਿੱਚ ਮੋਟਾਪਾ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਸ਼ੂਗਰ, ਬੀ.ਪੀ ਅਤੇ ਦਿਲ ਦੀਆਂ ਬੀਮਾਰੀਆਂ ਦੀ ਸਮੱਸਿਆ ਵਧਣੀ ਹੀ ਹੈ।
ਹੁਣ ਸਵਾਲ ਹੈ ਕਿ ਅਸੀਂ ਇੱਥੇ ਬੈਠ ਕੇ ਆਪਣੇ ਭੈਣ-ਭਰਾਵਾਂ ਨੂੰ ਮੌਤ ਤੇ ਮੂੰਹ ਵਿੱਚ ਜਾਂਦੇ ਦੇਖਣਾ ਹੈ ਜਾਂ ਪੰਜਾਬ ਵਿੱਚ ਕਹਿਰ ਢਾਹ ਰਹੇ ਇਸ ਮੋਟਾਪੇ ਦੇ ਇਸ ਸੱਤਵੇਂ ਦਰਿਆ ਨੂੰ ਸ਼ਾਂਤ ਕਰਨ ਲਈ ਕੋਈ ਹੰਭਲਾ ਮਾਰਾਨਾ ਹੈ?
ਹੱਥ ਤੇ ਹੱਥ ਧਰਕੇ ਬਹਿਣਾ ਤਾਂ ਪੰਜਾਬੀਆਂ ਦੀ ਫਿਦਰਤ ਵਿੱਚ ਨਹੀਂ। ਸੋ, ਮੈਂ ਆਪਣੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਜਾ ਰਿਹਾਂ ‘Mission Slim & Strong ਪੰਜਾਬ 2030’ ਜਿਸ ਦੇ ਅਧੀਨ ਜੋ ਵੀ ਜਾਣਕਾਰੀ ਮੈਂ ਅੱਜ ਤੱਕ ਆਪਣੀ ਡਾਕਟਰੀ ਅਤੇ ਉਸ ਤੋਂ ਬਾਅਦ ‘ਚ ਪੜ੍ਹੀਆਂ ਕਿਤਾਬਾਂ ਅਤੇ ਲੋਕਾਂ ਨਾਲ ਗੱਲਬਾਤ ਦੇ ਤਜਰਬੇ ਚੋਂ ਲਈ ਹੈ, ਉਸ ਨੂੰ ਸੌਖੀ ਭਾਸ਼ਾ ਵਿੱਚ ਮੈਂ ਛੋਟੀਆਂ ਛੋਟੀਆਂ ਵੀਡੀਓ ਦੇ ਰਾਹੀਂ ਇਸ ਫੇਸਬੁੱਕ ਪੇਜ ਅਤੇWhatsApp Group (Check First Comment) ਵਿੱਚ ਪਾਇਆ ਕਰਾਂਗਾ।
ਇਹ ਸਾਰੀਆਂ ਵੀਡੀਓ ਸਾਡੀ ਮਾਂ-ਬੋਲੀ ਪੰਜਾਬੀ ਵਿੱਚ ਹੋਇਅ ਕਰਨਗੀਆਂ ਜਿਸ ਦੀ ਭਾਸ਼ਾ ਵਿੱਚ ਮੈਡੀਕਲ ਵਿਿਗਆਨ ਦਾ ਤਰਕ ਤਾਂ ਹੋਵੇਗਾ ਪਰ ਔਖਿਆਈ ਬਿਲਕੁਲ ਨਹੀਂ ਤਾਂ ਕਿ ਸਾਡੀ ਸਿਹਤ ਨੂੰ ਦਰੁਸਤ ਕਰਨ ਲਈ ਇਹ ਵੀਡੀਓ ਹਰ ਪੰਜਾਬੀ ਸਮਝ ਸਕੇ। ਸੋ ਜੇਕਰ ਤੁਸੀਂ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਤਾਂ ਮੇਰੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਦੋਸਤਾਂ ਤੱਕ ਜ਼ਰੂਰ ਪਹੁੰਚਾਓ।