01/05/2024
ਧੰਧਾ-ਧਰਮ ਤੇ ਰਾਜਨੀਤੀ
ਸੰਸਾਰ ਦਾ ਉਹ ਸਭ ਤੋਂ ਬਦਕਿਸਮਤ ਦਿਹਾੜਾ ਸੀ, ਜਿਸ ਦਿਨ ਮਨੁੱਖ ਨੇ ਧਰਮ ਨੂੰ ਧੰਦਾ ਬਣਾਇਆ ਅਤੇ ਧੰਧੇ ਦਾ ਧੋਖਾ ਧਰਮ ਵਿਚ ਆ ਗਿਆ। ਧੰਧੇ ਦੀ ਬੇਈਮਾਨੀ ਧਰਮ ਵਿਚ ਆ ਗਈ ਤਾਂ ਪੂਜਾ, ਪਾਠ, ਕੀਰਤਨ, ਕਥਾ, ਧਿਆਨ ਸਭ ਧੰਧਾ ਤੇ ਡਰਾਮਾ ਹੋ ਗਿਆ। ਧੰਧੇ ਦੇ ਠੇਕੇਦਾਰਾ ਨੇ ਧਰਮ ਦੇ ਸਭ ਪੂਜਾ ਅਤੇ ਪਾਠਾਂ ਦਾ ਮੁੱਲ ਰੱਖ ਦਿੱਤਾ, ਮੁੱਲ ਦੇਵੋ ਅਤੇ ਪੂਜਾ ਪਾਠ ਬਣਿਆ ਬਣਾਇਆ ਘਰ ਲੈ ਜਾਵੋ। ਜੇਕਰ ਮਨੁੱਖ ਕਾਮਨਾਵਾਂ ਖਾਤਰ ਹੀ ਧਰਮ ਦਾ ਪੁਜਾਰੀ ਹੈ ਤਾਂ ਧਰਮ ਧਰਮ ਨਹੀ ਧੰਧਾ ਹੈ। ਇਸ ਵਾਸਤੇ ਧੋਖੇਬਾਜ਼ ਅਜੋਕੇ ਸਮੇਂ ਵਿਚ ਮੰਦਿਰ, ਮਸਜਿਦ ਤੇ ਗੁਰਦੁਆਰਿਆਂ ਨੂੰ ਬਾਜ਼ਾਰ ਬਣਾਈ ਜਾ ਰਹੇ ਨੇ। ਹੁਣ ਤਾਂ ਧਰਮ ਸਥਾਨਾਂ ਦੀ ਦੁਰਗਤੀ ਹੋ ਰਹੀ ਹੈ, ਦੁਰਵਰਤੋਂ ਹੋ ਰਹੀ ਹੈ। ਦੂਰ ਨਾ ਜਾਵੋ ਹੁਣ ਰਾਜਨੀਤਕਾਂ ਨੇ ਵੀ ਧਰਮ-ਅਸਥਾਨਾਂ ਨੂੰ ਧੰਧਾ-ਅਸਥਾਨ ਬਣਾ ਲਿਆ ਜਦ ਕਿ ਰਾਜਨੀਤੀ ਦਾ ਧਰਮ ਨਾਲ ਦੂਰ ਦਾ ਕੋਈ ਸੰਬੰਧ ਨਹੀ ਅਤੇ ਨਾ ਹੀ ਹੋ ਸਕਦਾ ਹੈ। ਜਦੋ ਕਿ ਰਾਜਨੀਤੀ ਇਕ ਦੂਜੇ ਨੂੰ ਜਿੱਤਣ ਤੇ ਖੜੀ ਹੈ, ਰਾਜਨੀਤੀ ਇਕ ਦੂਸਰੇ ਨੂੰ ਮਾੜਾ ਦਿਖਾਉਣ ਤੇ ਖੜੀ ਹੈ, ਗਾਲੀ ਗਲੋਚ ਤੇ ਖੜੀ ਹੈ, ਰਾਜਨੀਤੀ ਖੜ੍ਹੀ ਹੈ ਆਪਣੀ ਸ਼ਾਨੋ-ਸ਼ੋਕਤ ਤੇ ਵਡੱਪਣ ਤੇ, ਪ੍ਰਭੁਤਾ ਤੇ, ਪਰੰਤੂ..... ਧਰਮ ਖੜ੍ਹਾ ਹੈ ਦਇਆ ਤੇ, ਨਿਮਰਤਾ ਤੇ, ਸੇਵਾ ਤੇ, ਸੰਤੁਸ਼ਟੀ ਤੇ ਅਤੇ ਮਨੁੱਖ ਦੇ ਬਿਖਰੇ ਹੋਏ ਮਨ ਨੂੰ ਆਪਣੇ ਨਿੱਜ ਸਥਾਨ ਤੇ ਵਾਪਿਸ ਲੈ ਕੇ ਆਉਣ ਤੇ ਇਸ ਲਈ ਜਿਵੇਂ ਦਿਨ ਰਾਤ ਦਾ ਮਿਲਣ ਨਹੀ ਹੋ ਸਕਦਾ ਇਸ ਤਰ੍ਹਾਂ ਧਰਮ ਤੇ ਰਾਜਨੀਤੀ ਦਾ ਮਿਲਣ ਨਹੀ ਹੋ ਸਕਦਾ।
ਜਿਵੇ ਇਕ ਕਵੀ ਨੇ ਕਿਹਾ ਹੈ – ਹਵਸ ਕੇ ਬੰਦੇ ਵਫਾ ਕੋ ਬੇਚ ਦੇਤੇ ਹੈ। ਖੁਦਾ ਕੇ ਘਰ ਕੀ ਕਿਆ ਕਹੀਏ ਖੁਦਾ ਕੋ ਬੇਚ ਦੇਤੇ ਹੈ।
ਸਾਰੇ ਰਾਜਨੀਤਕ ਲੋਕ ਸੇਵਾ ਕਰਨ ਦਾ ਮੌਕਾ ਮੰਗਦੇ ਹਨ ਅਤੇ ਰਾਜ ਪੱਦਵੀਆਂ ਸੰਭਾਲ ਲੈਂਦੇ ਹਨ ਪਰੰਤੂ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਝ ਕਹਿੰਦੇ ਹਨ ... ਕੋਟਿ ਮਧੇ ਕੋ ਵਿਰਲਾ ਸੇਵੁਕ ਹੋਰ ਸਗਲੇ ਬਿਉਹਾਰੀ।। (ਕਰੋੜਾ ਚੋ ਕੋਈ ਵਿਰਲਾ ਸੇਵਕ ਹੁੰਦਾ ਹੈ ਬਾਕੀ ਤਾਂ ਸਭ ਵਿਉਪਾਰੀ ਹੁੰਦੇ ਹਨ)
ਮਨੁੱਖ ਦੀ ਜਿਉਂ ਜਿਉਂ ਪ੍ਰਭੁਤਾ ਵਧਦੀ ਹੈ, ਪ੍ਰਭੂ ਭੁੱਲਣ ਲੱਗ ਪੈਂਦਾ ਹੈ।
ਜਿਉਂ ਜਿਉਂ ਧਨ ਵਧਦਾ ਹੈ, ਘਰ ਵਿਚੋਂ ਧਰਮ ਨਿਕਲਣ ਲੱਗ ਜਾਂਦਾ ਹੈ।
ਜਿਉਂ ਜਿਉਂ ਸਰੀਰਕ ਲੋੜਾਂ ਅਤੇ ਬਾਹਰੀ ਸੁੱਖ ਵੱਧਣ ਲੱਗਦਾ ਹੈ, ਹਿਰਦਾ ਪਰਮ ਸੁੱਖ ਤੋਂ ਖਾਲੀ ਹੋਣ ਲਗਦਾ ਹੈ।