04/01/2026
ਨਮਰਦੀ ਕੀ , ਕਿਉਂ ਅਤੇ ਕਿਵੇਂ ?
ਮਰਦ ਪ੍ਰਧਾਨ ਸਮਾਜ ਵਿੱਚ ਮਰਦ ਦੀ ਪ੍ਰਤਿਸ਼ਠਾ ਹੀ ਉਸ ਦੀ ਮਰਦਾਨਗੀ ਹੁੰਦੀ ਹੈ । ਬਾਕੀ ਸਭ ਖੇਤਰਾਂ ਵਿੱਚ ਉਹ ਭਾਵੇਂ ਕਿੰਨਾ ਵੀ ਪਾਰਾਵਾਰ ਕਿਉਂ ਨਾ ਹੋਵੇ ਪਰ ਜੇਕਰ ਉਸ ਵਿੱਚ ਸੰਭੋਗ ਸਮਰੱਥਾ ਨਹੀਂ ਤਾਂ ਉਸਨੂੰ ਮਰਦ ਹੀ ਨਹੀਂ ਮੰਨਿਆ ਜਾਂਦਾ । ਉਸ ਦੀ ਅਸਲੀ ਪ੍ਰੀਖਿਆ ਉਸ ਦੀ ਸੰਭੋਗ ਸਮਰੱਥਾ ਹੀ ਸਮਝੀ ਜਾਂਦੀ ਹੈ । ਇਸ ਕਰਕੇ ਜਦ ਵੀ ਕੋਈ ਮਰਦ ਔਰਤ ਕੋਲ ਜਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਭੋਗ ਸਮਰਥ ਨਹੀਂ ਸਮਝਦਾ ਤਾਂ ਉਸਦੀ ਨਿਰਾਸ਼ਾ ਅਤੇ ਆਤਮਗਿਲਾਨੀ ਦੀ ਕੋਈ ਸੀਮਾ ਨਹੀਂ ਰਹਿੰਦੀ । ਮਰਦਾਨਗੀ ਮਰਦ ਦਾ ਸਭ ਤੋਂ ਵੱਡਾ ਧਨ ਹੈ । ਉਸ ਦੇ ਜੀਵਨ ਦੀ ਧੁਰੀ ਹੈ । ਇਸ ਕਰਕੇ ਜਦ ਵੀ ਉਹ ਆਪਣੇ ਆਪ ਨੂੰ ਸੰਭੋਗ ਸਮੇਂ ਅਸਫਲ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਆਪਣਾ ਜੀਵਨ ਵਿਅਰਥ ਮਹਿਸੂਸ ਹੁੰਦਾ ਹੈ । ਆਪਣੀ ਇਹ ਅਸਮਰਥਤਾ ਉਸ ਲਈ ਜੀਵਨ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ । ਅਜਿਹੀਆਂ ਪ੍ਰਸਥਿਤੀਆਂ ਵਿੱਚ ਬਹੁਤ ਸਾਰੇ ਲੋਕ ਆਤਮ ਹੱਤਿਆ ਤੱਕ ਕਰ ਲੈਣ ਬਾਰੇ ਸੋਚ ਲੈਂਦੇ ਹਨ । ਨਮਰਦੀ ਨੂੰ ਸਮਝਣ ਤੋਂ ਪਹਿਲਾਂ ਮਨੁੱਖ ਦੀ ਕਾਮ ਸਬੰਧ ਬਣਾਉਣ ਦੀ ਰੁੱਚੀ ਦੀ ਬੁਨਿਆਦ ਨੂੰ ਸਮਝਣਾ ਜ਼ਰੂਰੀ ਹੈ । ਜਿਸ ਤਰ੍ਹਾਂ ਪਹਿਲੇ ਲੇਖਾਂ ਵਿੱਚ ਦੱਸਿਆ ਗਿਆ ਹੈ ਕਿ ਵਿਰੋਧੀ ਲਿੰਗ ਪ੍ਰਤੀ ਖਿੱਚ ਮਨੁੱਖ ਦੀ ਸਵੈਪੂਰਨ ਹੋ ਕੇ ਜਿਉਂਣ ਦੀ ਲੋੜ ' ਚੋਂ ਪੈਦਾ ਹੁੰਦੀ ਹੈ । ਸੰਭੋਗ ਅਸਲ ਵਿੱਚ ਔਰਤ ਮਰਦ ਦੀ ਇੱਕ ਦੂਜੇ ਨਾਲ ਧੁਰ ਅੰਦਰ ਤੱਕ ਜੁੜਨ ਦੀ ਲੋੜ ਦਾ ਬੁਨਿਆਦੀ ਮਾਧਿਅਮ ਹੈ । ਇਸ ਤੋਂ ਬਿਨਾਂ ਦੋਨੋਂ ਅਧੂਰੇ ਹਨ । ਯੌਨ ਅਸਮਰਥਤਾ ਭਾਵੇ ਮਰਦ ਵਿੱਚ ਹੋਵੇ , ਭਾਵੇ ਔਰਤ ਵਿੱਚ , ਸਥਿਤੀ ਦੋਨਾਂ ਲਈ ਹੀ ਅਸਹਿ ਹੁੰਦੀ ਹੈ । ਖੁਸਰਿਆਂ ਅਤੇ ਪੱਕੇ ਤੌਰ ਤੇ ਨਮਰਦ ਹੋ ਚੁੱਕੇ ਲੋਕਾਂ ਦੀ ਸਾਈਕੋਲੌਜੀ ਦਾ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਮਨ ਵਿੱਚ ਤਾਂ ਕਾਮ ਦੀ ਪ੍ਰਬਲ ਇੱਛਾ ਹੋਵੇ ਪਰ ਸਰੀਰ ਕਾਮ ਖੇਡ ਖੇਡਣ ਤੋਂ ਅਸਮਰਥ ਹੋਵੇ ਤਾਂ ਕਿੰਨੀ ਪੀੜਾਦਾਇਕ ਸਥਿਤੀ ਹੁੰਦੀ ਹੈ । ਪਾਠਕਾਂ ਨੇ ਸ਼ਾਇਦ ਹੀ ਕਦੇ ਕਿਸੇ ਹੀਜੜੇ ਨੂੰ ਗੰਭੀਰ ਜਾਂ ਭਾਵੁਕ ਹਾਲਤ ਵਿੱਚ ਦੇਖਿਆ ਹੋਵੇ । ਮੈਂ ਜਦੋਂ ਹੀਜੜਿਆਂ ਦੇ ਮਨੋਵਿਗਿਆਨ ਬਾਰੇ ਖੋਜ ਕਰ ਰਿਹਾ ਸਾਂ ਤਾਂ ਲੰਮੀ ਦੋਸਤੀ ਅਤੇ ਭਰੋਸੇ ਤੋਂ ਬਾਅਦ ਬਹੁਤ ਸਾਰੇ ਹੀਜੜੇ ਆਪਣੀ ਯੌਨ ਅਸਮਰਥਤਾ ਬਾਰੇ ਗੱਲਾਂ ਕਰਦੇ ਕਰਦੇ ਰੋ ਪੈਂਦੇ ਸਨ । ਆਯੁਰਵੇਦ ਦੀ ਮੂਲ ਭਾਸ਼ਾ ਸੰਸਕ੍ਰਿਤ ਹੋਣ ਕਰਕੇ ਇਸ ਦੀ ਸ਼ਬਦਾਵਲੀ ਆਮ ਬੋਲ ਚਾਲ ਨਾਲੋਂ ਵੱਖਰੀ ਹੈ । ਜਿਵੇਂ - ਜਿਵੇਂ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਆਯੁਰਵੈਦਿਕ ਗ੍ਰੰਥਾਂ ਦਾ ਅਨੁਵਾਦ ਹੋਇਆ ਉਵੇਂ - ਉਵੇਂ ਇਸ ਦੇ ਬਹੁਤ ਸਾਰੇ ਸ਼ਬਦਾਂ ਦੇ ਅਰਥਾਂ ਦਾ ਸੰਦਰਭ ਹੀ ਬਦਲ ਗਿਆ । ਨਮਰਦੀ ਅਤੇ ਨਪੁੰਸਕਤਾ ਦੇ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ । ਪਰ ਪੰਜਾਬੀ ਵਿੱਚ ਇਨ੍ਹਾਂ ਦੋਨਾਂ ਸ਼ਬਦਾਂ ਦੇ ਅਰਥ ਇੱਕੋ ਹੀ ਸਮਝੇ ਜਾਂਦੇ ਹਨ । ਨਮਰਦੀ ਅਤੇ ਨਪੁੰਸਕਤਾ ਦੋ ਵੱਖ - ਵੱਖ ਬਿਮਾਰੀਆਂ ਹਨ ਅਤੇ ਦੋਨਾਂ ਦੇ ਇਲਾਜ ਦਾ ਤਰੀਕਾ ਵੀ ਵੱਖ - ਵੱਖ ਹੈ
ਨਮਰਦੀ ਮਨੁੱਖ ਦੀ ਸੰਭੋਗ ਅਸਮਰਥਤਾ ਨੂੰ ਪ੍ਰਗਟਾਉਣ ਵਾਲਾ ਸ਼ਬਦ ਹੈ ਅਤੇ ਨਪੁੰਸਕਤਾ ਮਰਦ ਦੀ ਪ੍ਰਜਨਨ ਅਸਮਰਥਤਾ ਦੇ ਭਾਵ ਦਾ ਸੂਚਕ ਹੈ । ਨਮਰਦੀ ਦੇ ਕਾਰਨ ਸਰੀਰਕ ਅਤੇ ਮਾਨਸਿਕ ਹੁੰਦੇ ਹਨ । ਪਰ ਨਪੁੰਸਕਤਾ ਦੇ ਕਾਰਨ ਸਿਰਫ਼ ਸਰੀਰਕ ਹੀ ਹੁੰਦੇ ਹਨ । ਮਨੁੱਖ ਦੇ ਮੁੱਢਲੇ ਗਿਆਨ ਦਾ ਸੋਮਾ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਹੁੰਦੀਆਂ ਹਨ । ਚੌਗਿਰਦਾ ਮਨੁੱਖ ਦੀ ਕਹਿਣੀ , ਕਰਨੀ ਅਤੇ ਸੋਚਣੀ ਦਾ ਸਭ ਤੋਂ ਪਹਿਲਾ ਪ੍ਰੇਰਨਾਸਰੋਤ ਹੁੰਦਾ ਹੈ । ਮਨੁੱਖ ਜੀਵਨ ਦੀਆਂ ਬੁਨਿਆਦੀ ਲੋੜਾਂ ਅਤੇ ਉਨ੍ਹਾਂ ਦੀ ਪੂਰਤੀ ਪ੍ਰਤੀ ਨਜ਼ਰੀਆ ਸਮਾਜ ਵਿੱਚ ਪ੍ਰਚਲਤ ਧਾਰਨਾਵਾਂ ਤੋਂ ਹੀ ਬਣਦਾ ਹੈ । - ਸਾਡੇ ਸਮਾਜ ਵਿੱਚ ਜੀਵਨ ਪ੍ਰਤੀ ਜੋ ਨਜ਼ਰੀਆ ਪ੍ਰਚਲਤ ਹੈ ਉਹ ਜੀਵਨ ਵਿਰੋਧੀ ਹੈ । ਉਹ ਸਭ ਪਦਾਰਥ , ਜੋ ਮਨੁੱਖ ਵਾਸਤੇ ਹੋਣੇ ਚਾਹੀਦੇ ਹਨ — ਮਨੁੱਖ ਨੂੰ ਉਨ੍ਹਾਂ ਦਾ ਗੁਲਾਮ ਬਣਾ ਦਿਤਾ ਗਿਆ ਹੈ । ਅੱਜ ਜ਼ਿੰਦਗੀ ਦਾ ਸਾਹ ਸਵਾਰ ਮਨੁੱਖ ਨਹੀਂ ਪਦਾਰਥ ਹੈ । ਇਸ ਉਲਟ ਫੇਰ ਨੇ ਮਨੁੱਖੀ ਜ਼ਿੰਦਗੀ ਨੂੰ ਪਿਆਰ ਮੁਹੱਬਤ ਦੀ ਥਾਂ ਸਵਾਰਥ ਅਤੇ ਪਸ਼ੂ ਬਿਰਤੀ ਦੀ ਅੰਨ੍ਹੀ ਦੌੜ ਵਿੱਚ ਧੱਕ ਦਿੱਤਾ ਹੈ । ਜਦ ਵੀ ਕਿਸੇ ਮਹਾਂਪੁਰਸ਼ ਨੇ ਜੀਵਨ ਪ੍ਰਤੀ ਵਰਤੇ ਜਾ ਰਹੇ ਇਸ ਨਾਂਹ ਪੱਖੀ ਰਵੱਈਏ ਨੂੰ ਸਮਝ ਕੇ ਇਸ ਦੇ ਖਿਲਾਫ਼ ਜਹਾਦ ਸ਼ੁਰੂ ਕੀਤਾ ਤਾਂ ਕੱਟੜਪੰਥੀ ਤਾਕਤਾਂ ਅਤੇ ਸਤਾ ਉਪਰ ਕਾਬਜ਼ ਸ਼ਕਤੀਆਂ ਨੇ ਆਪਣੀਆਂ ਸਾਰੀਆਂ ਤਾਕਤਾਂ ਨਾਲ ਉਸਦਾ ਜਿਉਣਾ ਮੁਹਾਲ ਕਰ ਦਿੱਤਾ । ਓਸ਼ੋ ( ਅਚਾਰੀਆ ਰਜਨੀਸ਼ ) ਇਸ ਦੀ ਪ੍ਰਤੱਖ ਮਿਸਾਲ ਹਨ , ਜਿੰਨਾਂ ਨੂੰ ਜੀਵਨ ਦੇ ਬੁਨਿਆਦੀ ਤੱਤ ਬਾਰੇ ਇੱਕ ਅਤਿਅੰਤ ਸੁਲਝਿਆ ਹੋਇਆ ਜੀਵਨ ਦਰਸ਼ਨ ਪੇਸ਼ ਕਰਨ ਬਦਲੇ ਦੁਨੀਆਂ ਭਰ ਦੀਆਂ ਕੱਟੜਪੰਥੀ ਤਾਕਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਉਪਰ ਲਾਈਆਂ ਗਈਆਂ ਤੋਹਮਤਾਂ ਮਗਰ ਕੱਟੜਪੰਥੀ ਤਾਕਤਾਂ ਦੀ ਮਨੁੱਖ ਨੂੰ ਇਸ ਤਰ੍ਹਾਂ ਆਪਣੇ ਜੂਲੇ ਥੱਲੇ ਬੇਸਮਝ ਬਣਾਈ ਰੱਖਣ ਦੀ ਗਹਿਰੀ ਸਾਜ਼ਿਸ਼ ਕੰਮ ਕਰਦੀ ਹੈ । - ਵੀਹਵੀਂ ਸਦੀ ਦੇ ਇਸ ਯੁੱਗ ਪੁਰਸ ਨੇ ਸਮਾਜ ਪ੍ਰਤੀ , ਜੀਵਨ ਪ੍ਰਤੀ , ਔਰਤ ਅਤੇ ਮਰਦ ਦੇ ਆਪਸੀ ਸਬੰਧਾਂ ਪ੍ਰਤੀ ਜੋ ਨਜ਼ਰੀਆ ਪੇਸ਼ ਕੀਤਾ ਹੈ — ਉਸ ਨਜ਼ਰੀਏ ਨੂੰ ਅਪਨਾਏ ਬਿਨਾਂ ਜ਼ਿੰਦਗੀ ਦੀ ਵਿਆਪਕਤਾ ਨੂੰ ਸਮਝਿਆ ਹੀ ਨਹੀਂ ਜਾ ਸਕਦਾ । ਉਨ੍ਹਾਂ ਦੀ ਵਿਚਾਰਧਾਰਾ ਅਤੇ ਧਾਰਨਾ ਮਨੁੱਖ ਨੂੰ ਮਨੁੱਖ ਬਣਾਉਣ ਲਈ ਲੜੇ ਜਾ ਰਹੇ ਜਹਾਦ ਦਾ ਇੱਕ ਹਿੱਸਾ ਹੈ । ਸੈਕਸ ਪ੍ਰਤੀ ਸਾਡੇ ਸਮਾਜ ਦਾ ਨਜ਼ਰੀਆ ਦੇਖਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਨਜ਼ਰੀਆ ਸੈਕਸ ਦੀ ਸਮਝ ' ਚੋਂ ਨਹੀਂ ਸਗੋਂ ਨਿਖੇਧ ` ਚੋਂ ਨਿਕਲਿਆ ਹੋਇਆ ਹੈ । ਇਹ ਨਜ਼ਰੀਆ ਮਨੁੱਖ ਨੂੰ ਸੈਕਸ ਪ੍ਰਤੀ ਸੂਝਵਾਨ ਬਣਾਉਣ ਦੀ ਬਜਾਏ ਤੰਬਲਭੂਸਿਆਂ ਵਿੱਚ ਪਾਉਂਦਾ ਹੈ । ਬੱਚਾ ਜਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਾ ਹੈ ਤਾਂ ਉਸ ਨੂੰ ਆਪਣੇ ਸਰੀਰ ਵਿੱਚ ਹੋਈਆਂ ਅਚੇਤਾਜਨਕ ਤਬਦੀਲੀਆਂ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ । ਇਹ ਤਬਦੀਲੀ ਉਸ ਲਈ ਇੱਕ ਅੰਨ੍ਹੀ ਗੁਫ਼ਾ ਵਿੱਚ ਪ੍ਰਵੇਸ਼ ਹੁੰਦਾ ਹੈ । ਇੱਕ ਪਾਸੇ ਉਸਦੇ ਅੰਦਰ ਊਰਜਾ ਦੇ ਅਥਾਹ ਸਰੋਤ ਫੁੱਟ ਪੈਂਦੇ ਹਨ ਅਤੇ ਦੂਜੇ ਪਾਸੇ ਊਰਜਾ ਦੇ ਇਸ ਰਹੱਸ ਨੂੰ ਠੀਕ ਤਰ੍ਹਾਂ ਸਮਝਾਉਣ ਲਈ ਬੱਚੇ ਦਾ ਕੋਈ ਸਹਿਯੋਗੀ ਨਹੀਂ ਹੁੰਦਾ । ਉਸ ਦੇ ਮਨ ਵਿੱਚ ਇਹ ਗੱਲ ਬਚਪਨ ' ਚ ਹੀ ਬੁਰੀ ਤਰ੍ਹਾਂ ਬਿਠਾ ਦਿੱਤੀ ਜਾਂਦੀ ਹੈ ਕਿ ਸੈਕਸ ਇੱਕ ਬੁਰੀ ਚੀਜ਼ ਹੈ
ਅਜਿਹੀ ਸਥਿਤੀ ਵਿੱਚ ਜੀਵਨ ਦੇ ਇਸ ਮਹੱਤਵਪੂਰਨ ਮਸਲੇ ਬਾਰੇ ਸਮਝਣ ਅਤੇ ਜਾਣਨ ਲਈ ਉਸ ਕੋਲ ਬਚਦਾ ਹੈ , ਕੁੱਝ ਅਸ਼ਲੀਲ ਕਿਤਾਬਾਂ , ਲੱਚਰ ਫਿਲਮਾਂ ਜਾਂ ਉਨ੍ਹਾਂ ਯਾਰਾਂ ਦੋਸਤਾਂ ਦੀ ਸੰਗਤ , ਜਿਨ੍ਹਾਂ ਨੂੰ ਇਸ ਸਥਿਤੀ ਬਾਰੇ ਖੁਦ ਵੀ ਕੋਈ ਗਿਆਨ ਨਹੀਂ ਹੁੰਦਾ । ਸਾਡੇ ਸਮਾਜ ਵਿੱਚ ਸੈਕਸ ਪ੍ਰਤੀ ਐਨੀ ਗਲਤ ਸਮਝ ਹੈ ਕਿ ਮਨੁੱਖ ਦੀ ਕਾਮ ਊਰਜ਼ਾ ਦੀ ਸਰੀਰਕ ਸਮਰਥਾ ਅਤੇ ਸਮਾਜਿਕ ਸਮਝ ਵਿੱਚ ਕੋਈ ਤਾਲਮੇਲ ਨਹੀਂ । ਬੱਚੇ ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਅਸਲ ਵਿੱਚ ਮਰਦ ਉਹੀ ਹੁੰਦਾ ਹੈ ਜੋ ਸੰਭੋਗ ਸਮੇਂ ਜਨਾਨੀ ਦੀ ਤੌਬਾ ਕਰਵਾ ਦੇਵੇਂ । ਇਨ੍ਹਾਂ ਗਲਤ ਧਾਰਨਾਵਾਂ ਵਿੱਚ ਗੜੁਚਿਆ ਹੋਇਆ ਬੱਚਾ , ਜਦੋਂ ਪਹਿਲੀ ਵਾਰ ਔਰਤ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਝਿੱਜਕ , ਸ਼ਰਮ ਅਤੇ ਅਣਜਾਣਪੁਣੇ ਕਰਕੇ , ਬਣਈਆਂ ਹੋਈਆਂ ਗਲਤ ਧਾਰਨਾਵਾਂ ਉਤੇ ਪੂਰਾ ਨਹੀਂ ਉਤਰਦਾ ਤਾਂ ਉਸਨੂੰ ਆਪਣੇ ਨਮਰਦ ਹੋਣ ਦਾ ਭਰਮ ਹੋ ਜਾਂਦਾ ਹੈ । ਅਜਿਹੀ ਸਥਿਤੀ ਵਿੱਚ ਜੇਕਰ ਬੱਚਾ ਕਿਸੇ ਅਖੌਤੀ ਸੈਕਸ ਸਪੈਸ਼ਲਿਸਟ ਦੇ ਅੜਿਕੇ ਆ ਜਾਵੇ ਤਾਂ ਉਹ ਬੇੜਾ ਗਰਕ ਕਰਨ ਲੱਗੇ ਦੇਰ ਨਹੀਂ ਲਾਉਂਦੇ । ਪੈਸੇ ਬਟੋਰਨ ਖ਼ਾਤਰ ਅਲੂਏ ਮਨਾਂ ਵਿੱਚ ਅਜਿਹੀ ਦਹਿਸ਼ਤ ਖੜੀ ਕਰ ਦਿੰਦੇ ਹਨ ਕਿ ਬੰਦਾ ਔਰਤ ਦੇ ਨਾਂ ਤੱਕ ਤੋਂ ਘਬਰਾਉਣ ਲੱਗ ਪੈਂਦਾ ਹੈ । ਇਉਂ ਗਲਤ ਧਾਰਨਾਵਾਂ ਦੀਆਂ ਗੰਢਾਂ ਹੋਰ ਪੀਡੀਆਂ ਹੁੰਦੀਆਂ ਜਾਂਦੀਆਂ ਹਨ । 99 % ਹਾਲਤਾਂ ਵਿੱਚ ਬੱਚੇ ਦਾ ਪਹਿਲਾ ਯੌਨ ਅਨੁਭਵ ਹੱਥਰਸੀ ਰਾਹੀਂ ਹੀ ਹੁੰਦਾ ਹੈ । ਪ੍ਰਵਾਰਿਕ ਅਤੇ ਸਮਾਜਿਕ ਮਨੋਵਿਕ੍ਰਿਤੀ ਕਾਰਨ ਹੱਥਰਸੀ ਕਰਨ ਵਾਲੇ ਬੱਚੇ ਦੇ ਮਨ ਵਿੱਚ ਅਪਰਾਧ ਭਾਵਨਾ ਬੈਠ ਜਾਂਦੀ ਹੈ । ਹੱਥਰਸੀ ਕਰਦਾ ਹੋਇਆ ਵੀ ਉਹ ਸੋਚਦਾ ਹੈ ਕਿ ਮੈਂ ਗਲਤ ਕੰਮ ਕਰ ਰਿਹਾ ਹਾਂ । ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਦੀ ਤੋਂ ਪਹਿਲਾਂ ਸੈਕਸ ਦੇ ਦਮਨ ਅਤੇ ਸਮਾਜਿਕ ਰੋਕਾਂ ਟੋਕਾਂ ਦੀ ਵਜ੍ਹਾ ਕਰਕੇ ਬੱਚੇ ਦੇ ਮਨ ਵਿੱਚ ਇਹ ਗੱਲ ਘਰ ਚੁੱਕੀ ਹੁੰਦੀ ਹੈ ਕਿ ਸੈਕਸ ਇੱਕ ਗਲਤ ਚੀਜ਼ ਹੈ । ਵਿਆਹ ਤੋਂ ਬਾਅਦ ਬੱਚੇ ਦੇ ਅਰਧਚੇਤਨ ਮਨ ਵਿੱਚ ਇਹ ਸਵਾਲ ਵਾਰ - ਵਾਰ ਉਠਦਾ ਹੈ ਕਿ ਵੀਹ ਸਾਲ ਤੱਕ ਗੰਦੀ ਅਤੇ ਪਾਪ ਸਮਝੀ ਜਾਣ ਵਾਲੀ ਕਿਰਿਆ ਸ਼ਾਦੀ ਦੀਆਂ ਚਾਰ ਲਾਵਾਂ ਨਾਲ ਪਵਿੱਤਰ ਕਿਵੇਂ ਬਣ ਗਈ ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਲੱਭਦਾ ਬੱਚਾ ਖੁਦ ਗੁਆਚ ਜਾਂਦਾ ਹੈ । ਵੀਹ ਸਾਲ ਦੀਆਂ ਗਲਤ ਧਾਰਨਾਵਾਂ ਉਸ ਲਈ ਸਮੱਸਿਆਵਾਂ ਬਣ ਜਾਂਦੀਆਂ ਹਨ । ਅਜਿਹੇ ਘਟਨਾ ਕਰਮ ਦਾ ਸ਼ਿਕਾਰ ਬਹੁਤ ਸਾਰੇ ਨੌਜਵਾਨ ਜੋ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੁੰਦੇ ਹਨ ਅਕਸਰ ਸੁਹਾਗ ਰਾਤ ਵਾਲੇ ਦਿਨ ਸੰਭੋਗ ਕਰਨ ਵਿੱਚ ਅਸਫਲ ਹੋ ਜਾਂਦੇ ਹਨ । ਅਜਿਹੇ ਨੌਜਵਾਨ ਜਦੋਂ ਸਾਡੇ ਕੋਲ ਇਲਾਜ ਲਈ ਆਉਂਦੇ ਹਨ ਤਾਂ ਦੋ ਤਿੰਨ ਬੈਠਕਾਂ ਰਾਹੀਂ ਜਦ ਉਨ੍ਹਾਂ ਦੀ ਮਨੋਵਿਕ੍ਰਿਤੀ ਦੂਰ ਕਰ ਦਿੱਤੀ ਜਾਂਦੀ ਹੈ ਤਾਂ ਉਹੀ ਨੌਜਵਾਨ ਬਿਨਾਂ ਕਿਸੇ ਦਵਾਈ ਦੇ ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਮਹਿਸੂਸ ਕਰਨ ਲੱਗ ਪੈਂਦਾ ਹੈ । ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਨੌਜਵਾਨ ਮੁੰਡਾ ਮੋਗੇ ਤੋਂ ਮੇਰੇ ਕੋਲ ਇਲਾਜ ਕਰਵਾਉਣ ਲਈ ਆਇਆ । ਉਹ ਆਪਣੀ ਸੁਹਾਗ ਰਾਤ ਵਾਲੇ ਦਿਨ ਸੰਭੋਗ ਕਰਨ ਵਿੱਚ ਅਸਫਲ ਰਿਹਾ ਸੀ ਅਤੇ ਦੂਜੇ ਦਿਨ ਕੁੜੀ ਨੇ ਉਸਨੂੰ ਨਮਰਦ ਕਹਿ ਕੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ । ਆਪਣੇ ਦੂਜੇ ਵਿਆਹ ਤੋਂ ਪਹਿਲਾਂ ਉਹ ਇਲਾਜ ਕਰਵਾਉਣ ਲਈ ਆਇਆ ਸੀ । ਮੈਂ ਉਸ ਦੀ ਸਾਰੀ ਰਾਮ ਕਥਾ ਸੁਣ ਕੇ ਉਸ ਨੂੰ ਦੱਸਿਆ ਕਿ ਇਹ ਨਮਰਦੀ ਦੀ ਸਮੱਸਿਆ ਨਹੀਂ ਸਗੋਂ ਮਨ ਵਿੱਚ ਬੈਠੇ ਡਰ ਅਤੇ ਗਲਤ ਧਾਰਨਾਵਾਂ ਕਰਕੇ ਵਾਪਰਿਆ ਹੈ । ਤਕਰੀਬਨ 40 % ਮੁੰਡਿਆਂ ਨਾਲ ਇਹ ਘਟਨਾ ਵਾਪਰਦੀ ਹੈ । ਕੁੜੀ ਨੇ ਐਵੇਂ ਰਾਈ ਦਾ ਪਹਾੜ ਬਣਾ ਦਿੱਤਾ ਹੈ । ਛੇ ਹਫ਼ਤੇ ਦੀ ਦਵਾਈ ਅਤੇ ਮਨੋ - ਚਿਕਿਤਸਾ ਦੀਆਂ ਛੇ ਸਿਟਿੰਗਜ਼ ਲੈਣ ਤੋਂ ਬਾਅਦ ਉਸ ਨੌਜਵਾਨ ਨੇ ਪੂਰੀ ਸਫ਼ਲਤਾ ਸਹਿਤ ਆਪਣੀ ਸੁਹਾਗ ਰਾਤ ਮਨਾਈ ਸੀ । ਨਮਰਦੀ ਦੇ 60 % ਕੇਸ ਸਿਰਫ਼ ਸੈਕਸ ਅਤੇ ਔਰਤ ਪ੍ਰਤੀ ਗਲਤ ਧਾਰਨਾਵਾਂ ' ਚੋਂ ਹੀ ਉਪਜੇ ਹੋਏ ਹੁੰਦੇ ਹਨ । ਜੇਕਰ ਮਨੋਚਿਕਿਤਸਾ ਨਾਲ ਉਨ੍ਹਾਂ ਦੇ ਮਨ ਵਿੱਚ ਬੈਠੀਆਂ ਗਲਤ ਧਾਰਨਾਵਾਂ ਸਾਫ਼ ਕਰ ਦਿੱਤੀਆਂ ਜਾਣ ਤਾਂ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ ਭਰਪੂਰ ਹੋ ਜਾਂਦੀ ਹੈ । ਮਸਲਾ ਸਿਰਫ ਸੈਕਸ ਦੀ ਸਮਾਜਿਕ ਸਮਝ ਅਤੇ ਸਰੀਰਕ ਸਮਰਥਾ ਨੂੰ ਠੀਕ ਤਰ੍ਹਾਂ ਸਮਝਣ ਦਾ ਹੈ । ਇਨ੍ਹਾਂ ਦੀ ਠੀਕ ਸਮਝ ਤੋਂ ਬਿਨਾਂ ਨਾਂ ਤਾਂ ਸੰਭੋਗ ਦਾ ਪ੍ਰਮਅਨੰਦ ਮਾਣਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਦਿਲੋਂ ਪਿਆਰ ਕੀਤਾ ਜਾ ਸਕਦਾ ਹੈ । ਨਮਰਦੀ ਦੀ ਸ਼ਾਬਦਿਕ ਪ੍ਰੀਭਾਸ਼ਾ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਦ ਲਿੰਗ ਰਚਨਾ ਪੱਖੋਂ ਤਾਂ ਠੀਕ ਹੋਵੇ ਪਰ ਕਿਰਿਆ ਪੱਖੋਂ ਠੀਕ ਤਰ੍ਹਾਂ ਕੰਮ ਨਾ ਕਰਦਾ ਹੋਵੇ ਤਾਂ ਉਸ ਸਥਿਤੀ ਨੂੰ ਨਮਰਦੀ ਕਿਹਾ ਜਾਂਦਾ ਹੈ । ਨਮਰਦੀ ਦੀ ਪੈਦਾਇਸ਼ ਮਗਰ ਮਾਨਸਿਕ ਅਤੇ ਸਰੀਰਕ ਦੋਨੋਂ ਕਾਰਨ ਹੀ ਕੰਮ ਕਰਦੇ ਹਨ । ਇਸ ਦੇ ਕਾਰਨਾਂ ਨੂੰ ਸਮਝਣ ਤੋਂ ਪਹਿਲਾਂ ਕਾਮ ਉਤੇਜਨਾ ਦੀ ਪ੍ਰਕਿਰਿਆ ਬਾਰੇ ਸਮਝ ਲੈਣਾ ਜ਼ਰੂਰੀ ਹੈ । ਕਾਮ ਉਤੇਜਨਾ ਦੀ ਪ੍ਰਕਿਰਿਆ ਅਸਲ ਵਿੱਚ ਬੜੀ ਗੁੰਝਲਦਾਰ ਕਿਰਿਆ ਹੈ । ਇਸ ਵਿੱਚ ਆਪਣੀ ਹੀ ਇੱਕ ਲੈਅਬੱਧਤਾ ਹੈ । ਸਭ ਤੋਂ ਪਹਿਲਾਂ ਕਾਮ ਸਬੰਧੀ ਵਿਚਾਰ ਜਾਗਦਾ ਹੈ । ਫੇਰ ਲਿੰਗ ਵਿੱਚ ਉਤੇਜਨਾ ਆਉਂਦੀ ਹੈ । ਫੇਰ ਸੰਭੋਗ ਕਿਰਿਆ ਰਾਹੀਂ ਵੀਰਜ਼ ਨਿਕਲਦਾ ਹੈ ਅਤੇ ਅੰਤ ਵਿੱਚ ਤ੍ਰਿਪਤੀ ਮਿਲਦੀ ਹੈ । ਵਿਚਾਰ , ਉਤੇਜਨਾ , ਸੰਭੋਗ , ਵੀਰਜ਼ਪਾਤ ਅਤੇ ਤ੍ਰਿਪਤੀ ਦੇ ਲੜੀਬੱਧ ਕਰਮ ਵਿੱਚ ਜੇ ਕੋਈ ਵਿਘਨ ਹੋਵੇ ਤਾਂ ਔਰਤ ਅਤੇ ਮਰਦ ਸੰਭੋਗ ਵਿੱਚੋਂ ਮਿਲਣ ਵਾਲੀ ਤ੍ਰਿਪਤੀ ਤੋਂ ਵਾਂਝੇ ਰਹਿ ਜਾਂਦੇ ਹਨ । ਸਰੀਰ ਦੇ ਦੂਜੇ ਅੰਗਾਂ ਦੇ ਮੁਕਾਬਲੇ ਕਾਮ ਅੰਗ ਬਹੁਤ ਜ਼ਿਆਦਾ ਕੋਮਲ ਅਤੇ ਸੰਵੇਦਨ ਸ਼ੀਲ ਹੁੰਦੇ ਹਨ । ਇਨ੍ਹਾਂ ਦਾ ਕੰਟਰੋਲ ਨਾੜੀਤੰਤਰ ਅਤੇ ਮਾਸਪੇਸ਼ੀਆਂ ਦੁਆਰਾ ਹੀ ਨਹੀਂ ਸਗੋਂ ਮਨ ਅਤੇ ਅੰਤਰ ਰਸਾਵੀ ਗ੍ਰੰਥੀਆਂ ਰਾਹੀਂ ਵੀ ਹੁੰਦਾ ਹੈ । ਕਾਮ ਅੰਗਾਂ ਦਾ ਸੰਚਾਲਨ ਮੁੱਖ ਰੂਪ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ' ਚ ਸਥਿਤ ਕਾਮਕੇਂਦਰਾਂ ਰਾਹੀਂ ਹੁੰਦਾ ਹੈ । ਜਦੋਂ ਕਾਮ ਸਬੰਧੀ ਵਿਚਾਰ ਮਨ ਵਿੱਚ ਜਾਗਦਾ ਹੈ ਤਾਂ ਦਿਮਾਗ ਵਿੱਚ ਸਥਿਤ ਕਾਮਕੇਂਦਰਾਂ ਵਿੱਚ ਵਿਸ਼ੇਸ਼ ਉਤੇਜਨਾ ਪੈਦਾ ਹੋ ਜਾਂਦੀ ਹੈ । ਇਸ ਉਤੇਜਨਾ ਤੋਂ ਪ੍ਰਭਾਵਿਤ ਹੋ ਕੇ ਨਾੜੀਤੰਤਰ ਇਹ ਸੰਦੇਸ਼ ਰੀੜ੍ਹ ਦੀ ਹੱਡੀ ਵਿੱਚ ਸਥਿਤ ਸੁਸ਼ਮਨਾ ਕੇਂਦਰ ਤੱਕ ਪਹੁੰਚਾਉਂਦਾ ਹੈ । ਇਹ ਸੂਚਨਾ ਮਿਲਣ ਸਾਰ ਹੀ ਲਿੰਗ ਵਿੱਚ ਖ਼ੂਨ ਦਾ ਸੰਚਾਰ ਵਧ ਜਾਂਦਾ ਹੈ ਅਤੇ ਲਿੰਗ ਵਿੱਚ ਕਠੋਰਤਾ ਆ ਜਾਂਦੀ ਹੈ । ਸੰਦੇਸ਼ਵਾਹਕ ਨਾੜੀਆਂ ਇਹ ਸਾਰਾ ਗੁੰਝਲਦਾਰ ਕਾਰਜ ਅੱਖ ਦੇ ਪਲਕਾਰੇ ਵਿੱਚ ਹੀ ਨੇਪਰੇ ਚਾੜ੍ਹ ਦਿੰਦੀਆਂ ਹਨ । ਇਨ੍ਹਾਂ ਕਾਮਕੇਂਦਰਾਂ ਜਾਂ ਸੰਦੇਸ਼ਵਾਹਕ ਨਾੜੀਆਂ ਵਿੱਚੋਂ ਜੇ ਕਰ ਕੋਈ ਹਿੱਸਾ ਸਚਾਰੂ ਰੂਪ ਵਿੱਚ ਕੰਮ ਨਹੀਂ ਕਰਦਾ ਤਾਂ ਵੀ ਕਾਮਉਤੇਜਨਾ ਦੀ ਕਿਰਿਆ ਠੀਕ ਤਰ੍ਹਾਂ ਨਹੀਂ ਹੁੰਦੀ । ਇਨ੍ਹਾਂ ਕਾਮਕੇਂਦਰਾਂ ਜਾਂ ਸੰਦੇਸ਼ਵਾਹਕ ਨਾੜੀਆਂ ਦੀ ਕਮਜ਼ੋਰੀ ਹੀ ਨਮਰਦੀ ਕਹਾਉਂਦੀ ਹੈ । ਸੁਸ਼ਮਨਾ , ਦਿਮਾਗ ਜਾਂ ਸੰਦੇਸ਼ਵਾਹਕ ਨਾੜੀਤੰਤਰ ਉਤੇ ਕੋਈ ਗਹਿਰੀ ਸੱਟ ਲੱਗ ਜਾਣ ਕਰਕੇ ਜਾਂ ਕਿਸੇ ਬਿਮਾਰੀ ਕਰਕੇ , ਇਨ੍ਹਾਂ ਅੰਗਾਂ ਵਿੱਚ ਸਥਿਤ ਕਾਮਕੇਂਦਰ ਜਦ ਨਸ਼ਟ ਹੋ ਜਾਂਦੇ ਹਨ ਤਾਂ ਉਸ ਸਮੇਂ ਆਦਮੀ ਸੰਭੋਗ ਦੇ ਕਾਬਲ ਨਹੀਂ ਰਹਿੰਦਾ । ਇਨ੍ਹਾਂ ਕਾਮਕੇਂਦਰਾਂ ਦੇ ਨਸ਼ਟ ਹੋ ਜਾਣ ਦੀਆਂ ਘਟਨਾਵਾਂ ਬਹੁਤ ਹੀ ਘੱਟ ਵਾਪਰਦੀਆਂ ਹਨ । ਨਸ਼ਟ ਹੋਏ ਕਾਮਕੇਂਦਰਾਂ ਨਾਲ ਪੈਦਾ ਹੋਈ ਨਮਰਦੀ ਨੂੰ ਕਿਸੇ ਦਵਾਈ ਜਾਂ ਅਪਰੇਸ਼ਨ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਹੈ । ਕਈ ਵਾਰ ਮਰਦ ਕੋਲ ਸੰਭੋਗ ਕਰ ਸਕਣ ਦੀ ਸਮਰਥਾ ਤਾਂ ਹੁੰਦੀ ਹੈ ਪਰ ਉਸ ਦੇ ਵੀਰਜ਼ ਵਿੱਚ ਸ਼ੁਕਰਾਣੂਆਂ ਦੀ ਘਾਟ ਜਾਂ ਆਭਾਵ ਕਰਕੇ ਗਰਭ ਨਹੀਂ ਠਹਿਰਦਾ । ਇਸ ਸਥਿਤੀ ਨੂੰ ਨਮਰਦੀ ਦੀ ਥਾਂ ਨਪੁੰਸਕਤਾ ਕਿਹਾ ਜਾਂਦਾ ਹੈ । ਵੀਰਜ਼ ਵਿੱਚ ਸ਼ੁਕਰਾਣੂਆਂ ਵੀ ਘਾਟ ਜਾਂ ਅਣਹੋਂਦ ਦੇ ਕਾਰਨਾਂ ਵਿੱਚ ਅੰਤਰ ਰਸਾਵੀ ਗ੍ਰੰਥੀਆਂ ਦੀ ਵਿਕ੍ਰਿਤੀ , ਨਸ਼ੇ ਅਤੇ ਪੇਟ ਦੇ ਰੋਗ ਆਦਿ ਮੁੱਖ ਹੁੰਦੇ ਹਨ । ਆਯੁਰਵੇਦ ਵਿੱਚ ਨਮਰਦੀ ਅਤੇ ਨਪੁੰਸਕਤਾ ਦੋਨਾਂ ਦਾ ਹੀ ਪ੍ਰਭਾਵਸ਼ਾਲੀ ਇਲਾਜ ਹੈ । ਮੈਂ ਆਪਣੇ ਚਿਕਿਤਸਾ ਕਾਲ ਵਿੱਚ ਦੋਨੋਂ ਤਰ੍ਹਾਂ ਦੇ ਸੈਂਕੜੇ ਰੋਗੀਆਂ ਉਪਰ ਸਫਲ ਪ੍ਰਯੋਗ ਕੀਤੇ ਹਨ । ਇਨ੍ਹਾਂ ਰੋਗੀਆਂ ਵਿੱਚੋਂ ਪੰਜ ਰੋਗੀਆਂ ਦੇ ਵੀਰਜ਼ ਵਿੱਚ ਸ਼ੁਕਰਾਣੂ ਬਿਲਕੁਲ ਨਹੀਂ ਸਨ ਅਤੇ ਭਾਰਤ ਦੇ ਵੱਡੇ ਵੱਡੇ ਹਸਪਤਾਲਾਂ ਚੋਂ ਉਨ੍ਹਾਂ ਨੂੰ ਜਵਾਬ ਮਿਲ ਚੁੱਕਿਆ ਸੀ । ਬਹੁਤ ਸਾਰੇ ਜੋੜੇ ਗਰਭ ਤੋਂ ਬਚਾਅ ਰੱਖਣ ਲਈ ਸੰਭੋਗ ਸਮੇਂ ਜਦੋਂ ਉਤੇਜਨਾ ਸਿਖ਼ਰ ਉਤੇ ਆਈ ਹੁੰਦੀ ਹੈ ਤਾਂ ਵੀਰਜ਼ਪਾਤ ਹੋਣ ਵੇਲੇ ਲਿੰਗ ਬਾਹਰ ਕੱਢ ਕੇ ਵੀਰਜ਼ਪਾਤ ਕਰ ਦਿੰਦੇ ਹਨ । ਇਸ ਅਚਨਚੇਤ ਅਤੇ ਅਣਕਿਆਸੇ ਝਟਕੇ ਨਾਲ ਉਤੇਜਿਤ ਹੋਇਆ ਨਾੜੀਤੰਤਰ ਅਤੇ ਕਾਮਕੇਂਦਰ ਬਹੁਤ ਪ੍ਰਭਾਵਿਤ ਹੁੰਦੇ ਹਨ । ਅਜਿਹਾ ਕਰਨ ਵਾਲੇ ਮਰਦ ਹੌਲੀ - ਹੌਲੀ ਆਪਣੀ ਸੰਭੋਗ ਸਮਰਥਾ ਗੁਆ ਲੈਂਦੇ ਹਨ । ਅਕਸਰ ਅਜਿਹਾ ਕਰਨ ਵਾਲੀਆਂ ਔਰਤਾਂ ਬਹੁਤ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੀਆਂ ਹਨ । ਸੰਭੋਗ ਕਰਦੇ ਸਮੇਂ ਮਨ ਵਿੱਚ ਡਰ , ਗੁੱਸਾ , ਚਿੰਤਾ , ਔਰਤ ਦਾ ਬੇਹੂਦਾ ਰਵੱਈਆ ਜਾਂ ਅੰਗਾਂ ਚੋਂ ਆਉਣ ਵਾਲੀ ਬਦਬੂ ਕਰਕੇ ਵੀ ਲਿੰਗ ਵਿੱਚ ਪੂਰੀ ਉਤੇਜਨਾ ਨਹੀਂ ਆਉਂਦੀ ਜਾਂ ਆਈ ਹੋਈ ਉਤੇਜਨਾ ਨਸ਼ਟ ਹੋ ਜਾਂਦੀ ਹੈ । ਉਹ ਮਰਦ , ਜੋ ਸੰਭੋਗ ਤਾਂ ਬਹੁਤ ਜ਼ਿਆਦਾ ਕਰਦੇ ਹਨ ਪਰ ਪੋਸ਼ਟਿਕ ਅਹਾਰ ਵਿਹਾਰ ਦਾ ਸੇਵਨ ਨਹੀਂ ਕਰਦੇ , ਉਨ੍ਹਾਂ ਨੂੰ ਕੁਝ ਸਮੇਂ ਬਾਅਦ ਕਮਜ਼ੋਰੀ ਹੋ ਜਾਂਦੀ ਹੈ । ਕਈ ਮਰਦਾਂ ਨੂੰ ਸੰਭੋਗ ਸਮੇਂ ਇੱਕ ਵਾਰ ਤਾਂ ਉਤੇਜਨਾ ਆਉਂਦੀ ਹੈ ਪਰ ਥੋੜੇ ਸਮੇਂ ਬਾਅਦ ਲਿੰਗ ਵਿੱਚ ਢਿੱਲਾਪਣ ਆ ਜਾਂਦਾ ਹੈ ਜਾਂ ਸੰਭੋਗ ਕਰਦੇ ਸਮੇਂ ਅੱਧ ਵਿਚਕਾਰ ਲਿੰਗ ਢਿੱਲਾ ਪੈ ਜਾਂਦਾ ਹੈ । ਨਸ਼ਿਆਂ ਦਾ ਅਤਿਅੰਤ ਸੇਵਨ ਕਰਨ ਵਾਲੇ ਮਰਦ ਵੀ ਥੋੜੇ ਸਮੇਂ ਵਿੱਚ ਹੀ ਨਮਰਦੀ ਦਾ ਸ਼ਿਕਾਰ ਹੋ ਜਾਂਦੇ ਹਨ । ਨਸ਼ਿਆਂ ਨਾਲ ਉਨ੍ਹਾਂ ਦਾ ਵੀਰਜ਼ ਸੁੱਕ ਜਾਂਦਾ ਹੈ । ਸੰਭੋਗ ਸਮੇਂ ਵੀਰਜ਼ ਨਹੀਂ ਨਿਕਲਦਾ । ਜੇਕਰ ਨਿਕਲਦਾ ਵੀ ਹੈ ਤਾਂ ਮਸਾਂ ਇੱਕ ਜਾਂ ਦੋ ਬੂੰਦਾਂ । ਕਈਆਂ ਦੀ ਹਾਲਤ ਤਾਂ ਐਨੀ ਭੈੜੀ ਹੋ ਜਾਂਦੀ ਹੈ ਕਿ ਵੀਰਜ਼ ਦੀ ਜਗ੍ਹਾ ਖੂਨ ਦੇ ਕਤਰੇ ਨਿਕਲਣ ਲੱਗ ਪੈਂਦੇ ਹਨ । ਅਜਿਹੇ ਮਰਦ ਵੀ ਸੰਭੋਗ ਸਮੇਂ ਔਰਤ ਨੂੰ ਸੰਤੁਸ਼ਟ ਨਹੀਂ ਕਰ ਸਕਦੇ । ਬਹੁਤ ਵਾਰ ਸਰੀਰ ਵਿੱਚੋਂ ਵੀਰਜ਼ ਘਟ ਜਾਣ ਨਾਲ ਸੰਭੋਗ ਇੱਛਾ ਘਟ ਜਾਂਦੀ ਹੈ । ਸਰੀਰ ਸੁੱਕ ਕੇ ਹੱਡੀਆਂ ਦਾ ਢਾਂਚਾ ਹੋ ਜਾਂਦਾ ਹੈ । ਚਿਹਰੇ ' ਤੇ ਪਲੱਤਣ ਛਾ ਜਾਂਦੀ ਹੈ । ਭੁੱਖ ਠੀਕ ਨਹੀਂ ਲੱਗਦੀ । ਲਿੰਗ ਪਤਲਾ ਅਤੇ ਕਮਜ਼ੋਰ ਹੋ ਜਾਂਦਾ ਹੈ । ਸੰਭੋਗ ਕਰਦੇ ਵਕਤ ਸਾਹ ਫੁੱਲਣ ਲੱਗ ਪੈਂਦਾ ਹੈ । ਅਜਿਹੀ ਹਾਲਤ ਵਿੱਚ ਸੰਭੋਗ ਕਰਦੇ ਰਹਿਣ ਵਾਲਾ ਮਰਦ ਜਲਦੀ ਹੀ ਕਿਸੇ ਨਾ ਕਿਸੇ ਘਾਤਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ । ਸ਼ਰਾਬ , ਖੱਟੀਆਂ , ਨਮਕੀਨ ਅਤੇ ਤਲੀਆਂ ਚੀਜ਼ਾਂ ਦੇ ਸੇਵਨ ਕਰਨ ਨਾਲ ਮਰਦ ਦਾ ਵੀਰਜ਼ ਪਾਣੀ ਵਾਂਗ ਪਤਲਾ ਪੈ ਜਾਂਦਾ ਹੈ । ਵੀਰਜ਼ ਪਤਲਾ ਹੋ ਜਾਣ ਨਾਲ ਕਈਆਂ ਨੂੰ ਤਾਂ ਲਿੰਗ ਵਿੱਚ ਉਤੇਜਨਾ ਹੀ ਨਹੀਂ ਜਾਗਦੀ । ਜੇਕਰ ਥੋੜੀ ਬਹੁਤ ਉਤੇਜਨਾ ਆਉਂਦੀ ਵੀ ਹੈ ਤਾਂ ਔਰਤ ਨਾਲ ਸਪਰਸ਼ ਕਰਦੇ ਵਕਤ ਹੀ ਵੀਰਜ਼ ਨਿਕਲ ਜਾਂਦਾ ਹੈ । ਜਿਸ ਤਰ੍ਹਾਂ ਦੁੱਧ ਵਿੱਚ ਖਟਾਈ ਪਾਉਣ ਨਾਲ ਦੁੱਧ ਫਟ ਜਾਂਦਾ ਹੈ , ਉਸ ਤਰ੍ਹਾਂ ਹੀ ਖੱਟੀਆਂ ਗਰਮ ਚੀਜ਼ਾਂ ਅਤੇ ਨਸ਼ਿਆਂ ਦੇ ਸੇਵਨ ਕਰਦੇ ਰਹਿਣ ਨਾਲ ਅੰਦਰ ਗਰਮੀ ਪੈ ਕੇ ਵੀਰਜ਼ ਵਿੱਚ ਨੁਕਸ ਪੈਦਾ ਹੋ ਜਾਂਦੇ ਹਨ । ਸਰੀਰ ਵਿੱਚ ਗਰਮੀ ਵਧਣ ਨਾਲ ਵੀਰਜ਼ ਵਿਚਲੇ ਸ਼ੁਕਰਾਣੂ ਜਾਂ ਤਾਂ ਮਰ ਜਾਂਦੇ ਹਨ ਜਾਂ ਉਨ੍ਹਾਂ ਦੀ ਗਿਣਤੀ ਬਹੁਤ ਘਟ ਜਾਂਦੀ ਹੈ । ਸ਼ੂਗਰ ਜਾਂ ਟੀ.ਬੀ. ਹੋ ਜਾਣ ਕਰਕੇ ਵੀ ਨਮਰਦੀ ਵਰਗੇ ਲੱਛਣ ਬਣ ਜਾਂਦੇ ਹਨ । ਅਜਿਹੀਆਂ ਬਿਮਾਰੀਆਂ ਵਿੱਚ ਸੰਭੋਗ ਕਰਨਾ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ । ਕਿਸੇ ਵੀ ਬਿਮਾਰੀ ਵਿੱਚ ਸੰਭੋਗ ਨਹੀਂ ਕਰਨਾ ਚਾਹੀਦਾ । ਖ਼ਾਸ ਕਰਕੇ ਕਿਸੇ ਵੀ ਤਰ੍ਹਾਂ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਸੰਭੋਗ ਤੋਂ ਪੂਰਾ ਪ੍ਰਹੇਜ਼ ਰੱਖਣਾ ਚਾਹੀਦਾ ਹੈ । ਨਮਰਦੀ ਭਾਵੇਂ ਸੰਚਾਰ ਸਿਸਟਮ ਦੇ ਵਿਘਨ ਕਰਕੇ ਪੈਦਾ ਹੋਈ ਹੋਵੇ , ਭਾਵੇਂ ਵੀਰਜ਼ ਦੇ ਦੁਰਉਪਯੋਗ ਕਰਕੇ , ਸਹੀ ਇਲਾਜ ਅਤੇ ਠੀਕ ਤਰ੍ਹਾਂ ਨਾਲ ਪ੍ਰਹੇਜ਼ ਕਰਨ ਨਾਲ ਠੀਕ ਹੋ ਜਾਂਦੀ ਹੈ । ਜਿਨ੍ਹਾਂ ਕਾਰਨਾਂ ਕਰਕੇ ਨਮਰਦੀ ਹੋਈ ਹੋਵੇ , ਇਲਾਜ ਸਮੇਂ , ਉਨ੍ਹਾਂ ਕਾਰਨਾਂ ਤੋਂ ਸਖ਼ਤੀ ਨਾਲ ਪ੍ਰਹੇਜ ਕਰਨਾ ਚਾਹੀਦਾ ਹੈ । ਇਲਾਜ ਸਮੇਂ ਸੰਭੋਗ , ਤੇਜ਼ ਮਿਰਚ ਮਸਾਲੇ , ਖਟਾਈ , ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪੂਰਾ ਪ੍ਰਹੇਜ਼ ਕਰਨਾ ਚਾਹੀਦਾ ਹੈ । ਤਾਕਤਵਰ ਅਤੇ ਵੀਰਜ਼ ਵਧਾਉਣ ਵਾਲੇ ਪਦਾਰਥ ਅਤੇ ਔਸ਼ਧੀਆਂ ਦਾ ਸੇਵਨ ਮਨੁੱਖ ਨੂੰ ਸਾਰੀ ਉਮਰ ਸੰਭੋਗ ਕਰਨ ਦੇ ਸਮਰੱਥ ਬਣਾਈ ਰੱਖਦਾ ਹੈ । ਦਵਾਈ ਦਾ ਸੇਵਨ ਰੋਗ ਦੇ ਕਾਰਨਾਂ ਅਤੇ ਰੋਗੀ ਦੀ ਪ੍ਰਕ੍ਰਿਤੀ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਹੈ । ਸ਼ਾਦੀ ਤੋਂ ਪਹਿਲਾਂ ਅਤਿਅੰਤ ਕਾਮਉਤੈਜਿਕ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਬਹੁਤ ਸਾਰੇ ਟੋਟਕੇਬਾਜ਼ ਅਤੇ ਅਖੌਤੀ ਸੈਕਸ ਸਪੈਸ਼ਲਿਸਟ ਗਰਮੀ ਨਾਲ ਪੈਦਾ ਹੋਈ ਨਮਰਦੀ ਵਿੱਚ ਮਕਰਧਵਜ , ਸਿੰਗਰਫ ਜਾਂ ਸੰਖੀਆ ਵਰਗੀਆਂ ਅਤਿਅੰਤ ਤੇਜ਼ ਅਤੇ ਗਰਮ ਦਵਾਈਆਂ ਖਵਾਕੇ ਰੋਗ ਨੂੰ ਹੋਰ ਵਧਾ ਦਿੰਦੇ ਹਨ । ਸ਼ਾਦੀ ਤੋਂ ਪਹਿਲਾਂ ਜਵਾਨੀ ਵਿੱਚ ਜਨਨਇੰਦਰੀਆਂ ਨੂੰ ਤਾਕਤ ਦੇਣ ਵਾਲੀਆਂ ਅਤੇ ਵੀਰਜ਼ ਵਧਾਉਣ ਵਾਲੀਆਂ ਸ਼ੀਤਲ ਔਸ਼ਧੀਆ ਦਾ ਸੇਵਨ ਕਰਨਾ ਚਾਹੀਦਾ ਹੈ । ਜੇਕਰ ਕਾਮਉਤੇਜਿਕ ਦਵਾਈ ਦੀ ਜ਼ਰੂਰਤ ਮਹਿਸੂਸ ਹੁੰਦੀ ਹੋਵੇ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਨਾਲ ਹੀ ਵਰਤਣੀ ਚਾਹੀਦੀ ਹੈ । ਨਮਰਦੀ ਵਿੱਚ ਕੁਸ਼ਤਾ ਸੋਨਾ , ਚਾਂਦੀ , ਵੰਗ , ਤ੍ਰਿਵੰਗ , ਕੁਕਟਾਂਡਤਵਕ ਸਿੱਧ ਮਕਰਧਵਜ ਕਾਮਚੂੜਾਮਨੀ ਰਸ , ਬਸੰਤ ਕੁਸਮਾਕਰ ਰਸ , ਪੁਸ਼ਪਘਨਵਾ ਰਸ , ਅਬਰਕ 1000 ਪੁੱਠੀ , ਲੋਹ 100 ਪੁਠੀ , ਸਿੰਗਰਫ਼ ਭਸਮ ਆਦਿ ਰੋਗ ਦੇ ਕਾਰਨਾਂ ਅਤੇ ਰੋਗੀ ਦੀ ਪ੍ਰਕ੍ਰਿਤੀ ਨੂੰ ਧਿਆਨ ਵਿੱਚ ਰੱਖਕੇ ਵਰਤੀਆਂ ਜਾਂਦੀਆਂ ਹਨ । ਇਨ੍ਹਾਂ ਦਵਾਈਆਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਦਾ ਵਿਵੇਚਨ ਕਿਤਾਬ ਦੇ ਬਾਜ਼ੀਕਰਨ ਭਾਗ ਵਿੱਚ ਦਿੱਤਾ ਗਿਆ ਹੈ । ਇਹ ਦਵਾਈਆਂ ਅਸੀਂ ਹਜ਼ਾਰਾਂ ਨਿਰਾਸ਼ ਰੋਗੀਆਂ ਉਤੇ ਵਰਤੀਆਂ ਹਨ । ਪੁਰਾਣੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਦਿਨਾਂ ਵਿੱਚ ਪੂਰਾ ਕਰਨ ਵਿੱਚ ਇਹ ਯੋਗ ਅਤਿਅੰਤ ਸਫ਼ਲ ਸਿੱਧ ਹੋਏ ਹਨ ।
ਪੁਸਤਕ - ਸੰਭੋਗ ਸਮੱਸਿਆਵਾਂ ਅਤੇ ਇਲਾਜ
ਡਾ. ਹਰਮਿੰਦਰਜੀਤ ਸਿੰਘ
ਓਸ਼ੋ ਆਯੁਰਵੈਦਿਕ ਰਿਸਰਚ ਸੈਂਟਰ ਐਂਡ ਚੈਰੀਟੇਬਲ ਟਰੱਸਟ
ਬੱਸ ਸਟੈਂਡ ਦੇ ਨੇੜੇ ਫਰੀਦਕੋਟ 151203 ਪੰਜਾਬ