
25/09/2024
ਢਾਡੀਆਂ ਦੇ ਅੰਗ- ਸੰਗ
ਅਮਰ ਸਿੰਘ ਸ਼ੌਂਕੀ ਭੱਜਲਾਂ ਵਾਲਿਆਂ ਦਾ ਢਾਡੀ ਜੱਥਾ
ਇਹ ਫੋਟੋਆਂ ਜਿਹੜੀਆਂ ਤੁਸੀਂ ਵੇਖ ਰਹੇ ਇਹ ਢਾਡੀ ਅਮਰ ਸਿੰਘ ਸ਼ੌਂਕੀ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਹਨ। ਇਹ ਮੈਨੂੰ ਸੰਸਾਰ ਪ੍ਰਸਿੱਧ ਢਾਡੀ ਭਾਈ ਕਸ਼ਮੀਰ ਸਿੰਘ ਕਾਦਰ ਹੋਰਾਂ ਵੱਲੋਂ ਭੇਜੀਆਂ ਗਈਆਂ ਹਨ। ਇਸ ਬਲੈਕ ਐਂਡ ਵਾਈਟ ਫੋਟੋ ਵਿੱਚ ਤੁਸੀਂ ਵੇਖ ਰਹੇ ਹੋ ਬਿਲਕੁੱਲ ਸਾਹਮਣੇ ਵੇਖਿਆਂ ਖੱਬੇ ਹੱਥ ਛੋਟੇ ਕੱਦ ਵਾਲੇ ਭਾਈ ਮੋਹਨ ਸਿੰਘ ਬਿੰਡਾ ਸਰੰਗੀ ਮਾਸਟਰ ਉਨ੍ਹਾਂ ਦੇ ਖੱਬੇ ਭਾਈ ਸੋਹਨ ਸਿੰਘ ਜੱਲੋਵਾਲ (ਢਾਡੀ )ਉਨ੍ਹਾਂ ਦੇ ਖੱਬੇ ਢਾਡੀ ਅਮਰ ਸਿੰਘ ਸ਼ੌਂਕੀ ਅਤੇ ਸਾਹਮਣੇ ਵੇਖਿਆਂ ਬਿਲਕੁਲ ਸੱਜੇ ਹੱਥ ਭਾਈ ਸਰਵਣ ਸਿੰਘ ਖਰੜ ਅਛਰੋਵਾਲ ਵਾਲੇ( ਪ੍ਰਚਾਰਕ )ਦੂਜੀ ਫੋਟੋ ਵਿਚ ਤੁਸੀਂ ਵੇਖ ਰਹੇ ਹੋ ਬਿਲਕੁਲ ਖੱਬੇ ਬੈਠੇ ਹਨ ਤਰਲੋਚਨ ਸਿੰਘ ਝੰਡੇਰ ਪ੍ਰਚਾਰਕ ਉਨ੍ਹਾਂ ਦੇ ਨਾਲ ਭਾਈ ਸੋਹਣ ਸਿੰਘ ਜੱਲੋਵਾਲ ਉਨ੍ਹਾਂ ਦੇ ਖੱਬੇ ਹੱਥ ਭਾਈ ਸੋਹਨ ਸਿੰਘ ਮੇਹਟ ਸਾਰੰਗੀ ਮਾਸਟਰ ਉਨ੍ਹਾਂ ਦੇ ਖੱਬੇ ਹੱਥ ਢਾਡੀ ਅਮਰ ਸਿੰਘ ਸ਼ੌਂਕੀ। ਇਹ ਫੋਟੋਆਂ ਭੇਜਣ ਲਈ ਭਾਈ ਕਸ਼ਮੀਰ ਸਿੰਘ ਕਾਦਰ ਹੋਰਾਂ ਦਾ ਬਹੁਤ ਧੰਨਵਾਦ।ਢਾਡੀ ਅਮਰ ਸਿੰਘ ਸ਼ੌਂਕੀ ਢਾਡੀ ਕਲਾ ਦਾ ਪੱਕਾ ਸਿਰਨਾਵਾਂ ਹੈ। ਵੀਹਵੀਂ ਸਦੀ ਦੀ ਢਾਡੀ ਕਲਾ ਦਾ ਇਤਿਹਾਸ ਭੱਜਲਾਂ ਵਾਲੇ ਸ਼ੌਂਕੀ ਦੇ ਜ਼ਿਕਰ ਬਿਨਾਂ ਅਧੂਰਾ ਹੈ। ਅਮਰ ਸਿੰਘ ਸ਼ੌਂਕੀ ਦੀ ਧਾਰਮਿਕ ਤੇ ਸਭਿਆਚਾਰਕ ਗਾਇਕੀ ਦਾ ਸਿੱਕਾ ਅੱਜ ਵੀ ਚੱਲਦਾ ਹੈ। ਅਮਰ ਸਿੰਘ ਸ਼ੌਂਕੀ ਦੇ ਵਿਰੋਧ ਵਿੱਚ ਇੱਕ ਵਾ-ਵਰੋਲਾ ਵੀ ਉਠਿਆ ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਆਓ ਉਨ੍ਹਾਂ ਦੇ ਸਾਥੀਆਂ ਨਾਲ ਜਾਣ ਪਛਾਣ ਕਰੀਏ।ਬਲੈਕ ਐਂਡ ਵਾਈਟ ਫੋਟੋ ਵਿੱਚ ਛੋਟੇ ਕੱਦ ਵਾਲੇ ਭਾਈ ਮੋਹਣ ਸਿੰਘ ਬਿੰਡਾ ਦਾ ਪਿੰਡ ਡਰੋਲੀ (ਆਦਮਪੁਰ) ਹੈ। ਆਪਣੇ ਵਕਤ ਦਾ ਵਧੀਆ ਸਾਜੀ ਸੀ।ਮੋਹਣ ਸਿੰਘ ਬਿੰਡੇ ਦੀ ਅਵਾਜ਼ ਵੀ ਤਿੱਖੀ ਤੇ ਖੜਕਵੀਂ ਸੀ। ਬਿੰਡਾ ਇਕ ਛੋਟਾ ਜਿਹਾ ਜਾਨਵਰ ਹੈ ਜੋ ਅਕਸਰ ਦਰੱਖਤਾਂ ਦੇ ਝੁੰਡ ਵਿੱਚ ਰਹਿੰਦਾ ਹੈ। ਤਿੱਖੜ ਦੁਪਿਹਰ ਵਿੱਚ ਬੱਝਵੀਂ ਲੈਅ ਵਿੱਚ ਬੋਲਦਾ ਨਵਾਂ ਹੀ ਮਹੌਲ ਸਿਰਜਦਾ ਹੈ। ਸੰਭਵ ਹੈ ਕਿ ਮੋਹਣ ਸਿੰਘ ਦੇ ਬਿੰਡੇ ਵਰਗੇ ਛੋਟੇ ਕੱਦ ਤੇ ਨਿਵੇਕਲੀ ਅਵਾਜ਼ ਕਾਰਨ ਹੀ ਉਸ ਦਾ ਤਖੱਲਸ ਬਿੰਡਾ ਰੱਖਿਆ ਗਿਆ ਹੋਵੇ। ਅਮਰ ਸਿੰਘ ਸ਼ੌਂਕੀ ਦੇ ਰਿਕਾਰਡ ' ਸਾਹਿਬਾਂ ਵਾਜਾਂ ਮਾਰਦੀ, ਕਹਿੰਦੀ ਉੱਠ ਖਾਂ ਮਿਰਜ਼ਾ ਯਾਰ ਵੇ ' ਵਿੱਚ ਸਰੰਗੀ ਮੋਹਣ ਸਿੰਘ ਬਿੰਡਾ ਨੇ ਵਜਾਈ ਹੈ। ਕਦੇ ਸੁਣ ਕੇ ਵੇਖਿਓ ਤੁਸੀਂ ।ਅਨੰਦਤ ਹੋ ਜਾਵੋਗੇ। ਇਹ ਪੂਰਾ ਗੀਤ ਅਮਰ ਸਿੰਘ ਸ਼ੌਂਕੀ ਜੀ ਨੇ ਇਕੱਲਿਆਂ ਗਾਇਆ ਹੈ। ਸਿਰਫ਼ ਦੋ ਵਾਰ ਪਾਇਆ ਮੋੜਵਾਂ ਵਾਧਾ ਮੋਹਣ ਸਿੰਘ ਬਿੰਡਾ ਦਾ ਹੈਂ ਜੋ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ। ਇਸ ਰਿਕਾਰਡ ਉੱਪਰ ਨਾਮ ਵੀ ' ਮੋਹਣ ਸਿੰਘ ਅਤੇ ਸ਼ੌਂਕੀ ਐਂਡ ਪਾਰਟੀ ਛੱਪਿਆ ਹੈ। ਬਾਅਦ ਵਿੱਚ ਇਸੇ ਕਾਰਨ ਸ਼ੌਂਕੀ ਤੇ ਬਿੰਡੇ ਵਿੱਚ ਸ਼ਿਕਵੇ ਦਾ ਵਾ-ਵਰੋਲਾ ਉਠਿਆ ਜੋ ਦੋਹਾਂ ਨੂੰ ਅਲੱਗ ਅਲੱਗ ਕਰ ਗਿਆ। ਸਟੇਜ ਤੇ ਮਨਮਰਜ਼ੀ ਕਰਨਾ ਮੋਹਣ ਸਿੰਘ ਬਿੰਡਾ ਦੀ ਕਮਜ਼ੋਰੀ ਸੀ। ਦੋਹਾਂ ਫੋਟੋਆਂ ਵਿੱਚ ਖੱਬਿਓਂ ਦੂਜੇ ਖੜੇ ਤੇ ਬੈਠੇ ਭਾਈ ਸੋਹਣ ਸਿੰਘ ਦਾ ਪਿੰਡ ਹੈ ਜੱਲੋਵਾਲ (ਕਾਲਾ ਸੰਘਿਆਂ )। ਗੱਲ 1969-70 ਦੀ ਹੈ। ਅਮਰ ਸਿੰਘ ਸ਼ੌਂਕੀ ਜੀ ਦਾ ਢਾਡੀ ਜੱਥਾ ਮੇਰੇ ਪਿੰਡ ਭਮੱਦੀ ਗਾਉਣ ਆਇਆ। ਮੈਂ ਪੰਜਵੀਂ ਛੇਵੀਂ ਵਿੱਚ ਪੜਦਾ ਸੀ। ਸਾਡੇ ਪਾਸੇ (ਪੱਤੀ) ਵਿੱਚ ਇੱਕ ਬਜ਼ੁਰਗ ਦੇ ਮਰਗ ਦੇ ਭੋਗ 'ਤੇ ਸ਼ੌਂਕੀ ਹੋਰਾਂ ਨੇ ਦੋ ਦਿਨ ਖਾੜਾ ਲਾਇਆ। ਸਕੂਲੋਂ ਛੁੱਟੀ ਹੋਣ ਮਗਰੋਂ ਘਰ ਨੂੰ ਆਉਦਾ ਮੈਂ ਇਹਨਾਂ ਨੂੰ ਸੁਣਨ ਬੈਠ ਗਿਆ। ਸ਼ੌਂਕੀ ਸਾਹਿਬ ਪੈਰਾਂ ਭਾਰ ਬੈਠੇ ਸਨ। ਧੌਣ ਨੀਵੀਂ ਦੋਵੇਂ ਹੱਥ ਕੰਨਾਂ ਤੇ ਧਰੇ ਹੋਏ।ਪ੍ਰਚਾਰਕ ਨੇ ਗੱਲ ਮੁਕਾਈ ।ਸ਼ੌਂਕੀ ਸਾਹਿਬ ਉੱਠੇ। ਸਰੰਗੀ ਤੇ ਢੱਡ ਵੱਜ ਰਹੀ ਸੀ। ਕਵਿਤਾ ਤੋਂ ਪਹਿਲਾਂ ਸ਼ੌਂਕੀ ਜੀ ਕਹਿਣ ਲੱਗੇ ਕਿ ਪਹਿਲਾਂ ਮੇਰੇ ਨਾਲ ਹੁੰਦੀ ਸੀ ਸੋਹਣਿਆਂ ਦੀ ਜੋੜੀ ।ਤੇ ਹੁਣ ਹੈ ਸੋਨਿਆਂ ਦੀ ਜੋੜੀ। ਪਹਿਲੇ ਦੋਹਾਂ ਦਾ ਨਾਮ ਸੋਹਣ ਸਿੰਘ ਸੀ ਹੁਣ ਇਕ ਦਾ ਨਾਮ ਸੋਹਣ ਹੈ ਤੇ ਦੂਜੇ ਦਾ ਨਾਮ ਹੈ ਸਵਰਨ ਸਿੰਘ ।ਪਰ ਮੇਰੇ ਪਿੰਡ ਜਿਹੜਾ ਮੈਂ ਵੇਖਿਆ ਉਹ ਸੋਹਣ ਸਿੰਘ ਜੱਲੋਵਾਲ ਢਾਡੀ ਸੀ ਤੇ ਦੂਜਾ ਸੋਹਣ ਸਿੰਘ ਮੇਹਟਾਂ ਵਾਲਾ ਸੀ ਜਿਹੜਾ ਰੰਗੀਨ ਫੋਟੋ ਵਿੱਚ ਖੱਬਿਓਂ ਤੀਜੇ ਨੰਬਰ ਤੇ ਬੈਠਾ ਹੈ । ਇਹ ਸੋਹਣ ਸਿੰਘ ਮੇਹਟ ਸਰੰਗੀ ਵਜਾਉਂਦਾ ਸੀ। ਇਹ ਦੋਵੇਂ ਸੋਹਣ ਕਾਫੀ ਲੰਮਾ ਸਮਾਂ ਅਮਰ ਸਿੰਘ ਸ਼ੌਂਕੀ ਜੀ ਨਾਲ ਰਹੇ। ਜੱਲੋਵਾਲੀਏ ਸੋਹਣ ਸਿੰਘ ਦਾ ਕੱਦ ਸ਼ੌਂਕੀ ਜੀ ਤੋਂ ਛੋਟਾ ਸੀ। ਢੱਡ ਨਿਰੰਤਰ ਤੇ ਭਰਵੀਂ ਵਜਾਉਂਦਾ ਸੀ। ਅਵਾਜ਼ ਵਿੱਚ ਦਮ ਸੀ ਅਮਰ ਸਿੰਘ ਸ਼ੌਂਕੀ ਦੇ ਨਾਲ ਗਾਉਣਾ ਹੀ ਇੱਕ ਵਿਸ਼ੇਸ਼ ਪ੍ਰਾਪਤੀ ਤੋਂ ਘੱਟ ਨਹੀਂ। ਸਾਹਿਬਾਂ ਵਾਜਾਂ ਮਾਰਦੀ ਵਾਲੇ ਰਿਕਾਰਡ ਵਿੱਚ ਢੱਡ ਏਸੇ ਸੋਹਣ ਸਿੰਘ ਜੱਲੋਵਾਲ ਵਾਲੇ ਨੇ ਵਜਾਈ ਹੈ ।ਖੂਬਸੂਰਤ ਦਿੱਖ ਵਾਲਾ ਸੋਹਣ ਸਿੰਘ ਜੱਲੋਵਾਲ ਸੁਭਾਅ ਦਾ ਨਿੱਘਾ ਤੇ ਠਰੰਮੇ ਵਾਲਾ ਸੀ। ਸਰੰਗੀ ਮਾਸਟਰ ਸੋਹਣ ਸਿੰਘ ਮੇਹਟ ਦਾ ਪਿੰਡ ਮੇਹਟਾਂ ( ਫਗਵਾੜਾ )ਦੇ ਨਜ਼ਦੀਕ ਹੈ। ਅਪਣੇ ਸਮੇਂ ਦੇ ਪ੍ਰਸਿੱਧ ਸਾਰੰਗੀ ਮਾਸਟਰਾਂ ਵਿੱਚ ਸ਼ੁਮਾਰ ਮੇਹਟਾਂ ਵਾਲੇ ਸੋਹਣ ਨੂੰ ਦੁਨੀਆਂ ਅੱਜ ਤਕ ਯਾਦ ਕਰਦੀ ਹੈ। ਸਿਆਣੇ ਕਹਿੰਦੇ ਨੇ ਜੋੜੀ ਬਿਨਾਂ ਗਾਉਣ ਕਾਹਦਾ ਤੇ ਇਸ ਸੋਹਣਿਆਂ ਦੀ ਜੋੜੀ ਨੇ ਅਮਰ ਸਿੰਘ ਸ਼ੌਂਕੀ ਦੇ ਮਗਰ ਢਾਡੀ ਕਲਾ ਦੀ ਗਾਇਕੀ ਨੂੰ ਚਾਰ ਚੰਨ ਲਾਏ। ਸਾਹਿਬਜ਼ਾਦਿਆਂ ਵਾਲੇ ਰਿਕਾਰਡ ਵਿੱਚ ਅਮਰ ਸਿੰਘ ਸ਼ੌਂਕੀ ਦੇ ਪਿੱਛੇ ਏਹੋ ਜੋੜੀ ਬੋਲਦੀ ਹੈ। ਸੋਹਣ ਸਿੰਘ ਮੇਹਟਾਂ ਵਾਲੇ ਦੀ ਅਵਾਜ਼ ਨਾਕੂ ਸੀ । ਉਪਰੋਕਤ ਸਾਹਿਬਜ਼ਾਦਿਆਂ ਵਾਲੇ ਰਿਕਾਰਡ ਵਿੱਚ ਇਸ ਸੋਹਣ ਸਿੰਘ ਦੀ ਨਾਕੂ ਅਵਾਜ਼ ਦੀ ਸੁਰ ਸਾਫ ਸੁਣਾਈ ਦਿੰਦੀ ਹੈ। ਸ਼ੌਂਕੀ ਸਾਹਿਬ ਜੀ ਦੇ ਰਿਕਾਰਡਾਂ ਵਿੱਚੋਂ ਇਹ ਅਵਾਜ਼ਾਂ ਹਮੇਸ਼ਾਂ ਹਮੇਸ਼ਾਂ ਲਈ ਗੂੰਜਦੀਆਂ ਰਹਿਣਗੀਆਂ। ਮੋਹਣ ਸਿੰਘ ਬਿੰਡਾ, ਸੋਹਣ ਸਿੰਘ ਜੱਲੋਵਾਲ,ਤੇ ਅਮਰ ਸਿੰਘ ਸ਼ੌਂਕੀ ਨਾਲ ਖਲੋਤੇ ਲੰਮੇ ਕੱਦ ਵਾਲੇ ਭਾਈ ਸਰਬਣ ਸਿੰਘ ਪ੍ਰਚਾਰਕ ਹਨ। ਇਹਨਾਂ ਦਾ ਪਿੰਡ ਖਰੜ ਅਛਰੋਵਾਲ (ਮਾਹਿਲਪੁਰ) ਸੀ। ਸ਼ੌਂਕੀ ਸਾਹਿਬ ਨਾਲ ਇਹਨਾਂ ਨੇ ਕਾਫੀ ਸਮਾਂ ਪਰਚਾਰ ਕੀਤਾ। ਬਹੁਤਾ ਲੰਮਾ ਲੈਕਚਰ ਨਹੀਂ ਸਨ ਕਰਦੇ। ਬਸ ਗਲ ਦੀ ਲੜੀ ਜੋੜੀ ਰੱਖਦੇ ਸਨ। ਅਸਲ ਵਿੱਚ ਸ਼ੌਂਕੀ ਸਾਹਿਬ ਦੀ ਹਾਜਰੀ ਵਿੱਚ ਹੋਰ ਕੋਈ ਬੋਲੇ ? ਸੰਗਤ ਨੂੰ ਇਹ ਪਰਵਾਨ ਹੀ ਨਹੀਂ ਸੀ ।ਜਦੋ ਕਦੇ ਗੱਲ ਅਮਰ ਸਿੰਘ ਸ਼ੌਂਕੀ ਦੀ ਚੱਲੇਗੀ ਤਾਂ ਸਰਵਣ ਸਿੰਘ ਖਰੜ ਅਛਰੋਵਾਲ ਵਾਲਿਆਂ ਦਾ ਜ਼ਿਕਰ ਹੁੰਦਾ ਹੀ ਰਹੇਗਾ ।ਰੰਗੀਨ ਫੋਟੋ ਵਿੱਚ ਖੱਬੇ ਹੱਥ ਬੈਠੇ ਭਾਈ ਤਰਲੋਚਨ ਸਿੰਘ ਝੰਡੇਰ ਦਾ ਪਿੰਡ ਵੀ ਝੰਡੇਰ (ਬੰਗਾ) ਹੈ। ਇਹਨਾਂ ਨੇ ਕੇਵਲ ਸਿੰਘਾਪੁਰ ਦੇ ਟੂਰ ਸਮੇਂ ਹੀ ਅਮਰ ਸਿੰਘ ਸ਼ੌਂਕੀ ਜੀ ਨਾਲ ਸਾਥ ਦਿੱਤਾ ਹੈ ।ਇਹ ਫੋਟੋ ਵੀ ਓਸੇ ਟੂਰ ਦੀ ਹੈ। ਤਰਲੋਚਨ ਸਿੰਘ ਝੰਡੇਰ ਪ੍ਰਚਾਰਕਾਂ ਵਿੱਚ ਇਕ ਸਥਾਪਿਤ ਨਾਮ ਹੈ।ਸੰਗਤ ਨੂੰ ਖੁਸ਼ ਰੱਖਣਾ ਇਹਨਾਂ ਨੂੰ ਖੂਬ ਆਉਦਾ ਸੀ। ਉਂਝ ਅਮਰ ਸਿੰਘ ਸ਼ੌਂਕੀ ਜੀ ਨਾਲ ਜਿਹੜੇ ਪ੍ਰਚਾਰਕਾਂ ਦੇ ਰਿਕਾਰਡ ਹੋਏ ਉਹ ਹਨ ਗਿਆਨੀ ਭਗਤ ਸਿੰਘ ਲੱਲੀ ਤੇ ਗਿਆਨੀ ਫੁੰਮਣ ਸਿੰਘ। ਸ਼ੌਂਕੀ ਦੇ ਧਾਰਮਿਕ ਰਿਕਾਰਡ ' ਸੁਣਕੇ ਸੂਬੇ ਦੀ ਗੱਲ ਸਾਹਿਬਜ਼ਾਦੇ ਬੋਲਦੇ 'ਦਾ ਲੈਕਚਰ ਭਗਤ ਸਿੰਘ ਲੱਲੀ ਦਾ ਹੈ । ਇਹਨਾਂ ਦਾ ਪਿੰਡ ਕਾਲੇਵਾਲ " ਲੱਲੀਆਂ "( ਗੜਸ਼ੰਕਰ) ਸੀ।ਸੂਝਵਾਨ ਤੇ ਸਟੇਜ ਦੀ ਸਮਝ ਰੱਖਣ ਵਾਲੇ ਗਿਆਨਵਾਨ ਬੁਲਾਰੇ ਸਨ।ਕਾਫੀ ਲੰਮੇ ਸਮੇਂ ਤੱਕ ਇਹਨਾਂ ਨੇ ਅਮਰ ਸਿੰਘ ਸ਼ੌਂਕੀ ਦੇ ਜੱਥੇ ਨਾਲ ਲੈਕਚਰ ਕੀਤਾ। ਗਿਆਨੀ ਫੁੰਮਣ ਸਿੰਘ ਦਾ ਪਿੰਡ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਵੱਲ ਜਾਂਦੀ ਸੜਕ ਤੇ ਹੈ। ਪਿੰਡ ਦਾ ਨਾਮ ਹੈ ਕੁੱਲਪੁਰ।ਇਹਨਾਂ ਦੀ ਅਵਾਜ਼ ਸ਼ੌਂਕੀ ਜੀ ਦੇ ਰਿਕਾਰਡ 'ਸਿਰ ਦੇ ਕੇ ਕਰੀਏ ਸਵਾਲ ਪੂਰਾ, ਦਰ ਤੇ ਆਏ ਸਵਾਲੀ ਨੂੰ ਮੋੜੀਏ ਨਾ 'ਵਿੱਚ ਸੁਣਾਈ ਦਿੰਦੀ ਹੈ। ਸ਼ਾਇਦ ਸਭ ਤੋਂ ਜ਼ਿਆਦਾ ਸਮੇਂ ਇਹਨਾਂ ਨੇ ਹੀ ਸ਼ੌਂਕੀ ਜੀ ਦੇ ਜੱਥੇ ਵਿੱਚ ਲੈਕਚਰ ਕਰਨ ਦੀ ਸੇਵਾ ਨਿਭਾਈ। ਇਹਨਾਂ ਤੋਂ ਇਲਾਵਾ ਗਿਆਨੀ ਅਜੀਤ ਸਿੰਘ ਮਹਿੰਦਪੁਰ ਵਾਲੇ ( ਢਾਡੀਆਂ ਦਾ ਪਿੰਡ) ਤੇ ਸੁਦਾਗਰ ਸਿੰਘ ਬੇਪਰਵਾਹ ਦੇਅਤਵਾਲੀਆ ਜੀ ਨੇ ਲੈਕਚਰ ਦੀ, ਭਾਈ ਲਛਮਣ ਸਿੰਘ ਚੋਪੜਾ ਪੈਲੀ ਵਾਲਿਆਂ ਸਰੰਗੀ ਅਤੇ ਅੱਜ ਕੱਲ ਅਮਰੀਕਾ ਵਿੱਚ ਰਹਿ ਰਹੇ ਭਾਈ ਸਵਰਨ ਸਿੰਘ ਸੁਧਾ ਮਾਜਰਾ ਵਾਲਿਆਂ ਨੇ ਢਾਡੀ ਵਜੋਂ ਸ਼ੌਂਕੀ ਜੀ ਨਾਲ ਸੇਵਾਵਾਂ ਕੀਤੀਆਂ। ਢਾਡੀ ਅਮਰ ਸਿੰਘ ਸ਼ੌਂਕੀ ਸਚਮੁੱਚ ਹੀ ਅਮਰ ਹੈ।ਸ਼ੌਂਕੀ ਸਾਹਿਬ ਦੇ ਸਮਕਾਲ ਵਿੱਚ ਤੇ ਉਨ੍ਹਾਂ ਤੋਂ ਬਾਅਦ ਅਨੇਕਾਂ ਢਾਡੀ ਇਸ ਕਲਾ ਦੇ ਅੰਬਰ ਵਿੱਚ ਚਮਕੇ ਤੇ ਅਲੋਪ ਹੋ ਗਏ। ਲੋਕ ਚੇਤਿਆਂ ਵਿਚੋਂ ਉਹ ਪੂਰੀ ਤਰ੍ਹਾਂ ਗੁਆਚ ਗਏ ਨੇ ,ਪਰ ਢਾਡੀ ਅਮਰ ਸਿੰਘ ਸ਼ੌਂਕੀ ਅੱਜ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਦਿਲਾਂ ਵਿੱਚ ਧੜਕਦਾ ਹੈ। ਉਸ ਦਾ ਗਾਇਆ ਹਰ ਇਕ ਗੀਤ ਲੋਕ ਗੀਤਾਂ ਵਾਂਗ ਲੋਕਾਂ ਦੀ ਜ਼ੁਬਾਨ ਤੇ ਹੈ। ਗੜਸ਼ੰਕਰ ਦੇ ਨਜਦੀਕ ਪੈਂਦੇ ਪਿੰਡ ਭੱਜਲਾਂ ਵਿੱਚ ਪਿਤਾ ਮੂਲਾ ਸਿੰਘ ਦੇ ਘਰ ਪੈਦਾ ਹੋਇਆ ਅਮਰ ਸਿੰਘ ਸ਼ੌਂਕੀ ਧੁਰ ਦਰਗਾਹੋਂ ਨਿਵਾਜੀ ਹੋਈ ਪਾਕ ਰੂਹ ਸੀ। ਦਰਵੇਸ਼ ਵੀ , ਮਤਵਾਲਾ ਵੀ।,ਫੱਕਰ ਤਬੀਅਤ ਦਾ ਮਾਲਕ ਤੇ ਵੱਡੇ ਸਾਰੇ ਦਿਲ ਵਾਲਾ। ਦਰਿਆ ਦਿਲ ਤੇ ਨੇਕ ਨੀਅਤ ਸੀ ਸ਼ੌਂਕੀ । ਛੋਟੀ ਉਮਰੇ ਮੱਝਾਂ ਚਾਰਦਿਆਂ ਅਲਵੇਲੀ ਅਦਾ ਵਿੱਚ ਗਾਉਂਦੇ ਰਹਿਣਾ ਸੁਭਾਅ ਸੀ ਉਸਦਾ। ਗਾਉਂਦਿਆਂ ਉਹਦੀ ਅਵਾਜ਼ ਜਿਸ ਨੂੰ ਵੀ ਸੁਣਦੀ ਉਹਦਾ ਜੀਅ ਕਰਦਾ ਇਹ ਮੁੰਡਾ ਗਾਈ ਜਾਵੇ। ਇਹਦਾ ਗੀਤ ਕਦੇ ਨਾ ਮੁੱਕੇ ।ਇੱਕ ਦਿਨ ਇਹ ਅਵਾਜ਼ ਹਰਨਾਮ ਸਿੰਘ ਬੱਬਰ ਨੇ ਸੁਣ ਲਈ। ਇਹ ਜੁਝਾਰੂ ਸਿੰਘ ਅਮਰੀਕਾ ਤੋਂ ਪਰਤਿਆ ਸੀ ਬੱਬਰ ਅਕਾਲੀ ਲਹਿਰ ਦਾ ਅੰਗ ਬਣਕੇ। ਹਰਨਾਮ ਸਿੰਘ ਬੱਬਰ ਦੇ ਅੰਦਰੋਂ ਅਵਾਜ਼ ਆਈ ਇਹ ਮੁੰਡਾ ਕੋਈ ਆਮ ਬੱਚਾ ਨਹੀਂ। ਇਹਦੀ ਅਵਾਜ਼ ਵਿੱਚ ਇੱਕ ਅਨੋਖੀ ਜਿਹੀ ਕਸ਼ਿਸ਼ ਹੈ। ਇਹ ਇੱਕ ਵੱਡਾ ਗਵੱਈਆਂ ਬਣ ਸਕਦਾ ਹੈ ਜੇ ਇਹਨੂੰ ਕੋਈ ਵਾਜਾ (ਹਰਮੋਨੀਅਮ) ਢੋਲਕੀ ਸਿਖਾ ਦੇਵੇ। ਅਮਰੀਕਾ ਤੋਂ ਆਏ ਇਸ ਸਰਦਾਰ ਨੂੰ ਇਕ ਦਿਨ ਸੁਭਾਵਿਕ ਹੀ ਅਮਰ ਸਿੰਘ ਸ਼ੌਂਕੀ ਦਾ ਬਾਪੂ ਮਿਲ ਗਿਆ। ਹਰਨਾਮ ਸਿੰਘ ਬੱਬਰ ਬੋਲਿਆ ਮੂਲਿਆ ਤੇਰਾ ਮੁੰਡਾ ਵਧੀਆ ਗਵੱਈਆਂ ਬਣ ਸਕਦਾ ਜੋ ਤੂੰ ਇਹਨੂੰ ਕਿਸੇ ਚੰਗੇ ਉਸਤਾਦ ਕੋਲ ਭੇਜ ਦੇਵੇਂ। ਸ਼ੌਂਕੀ ਦੇ ਪਿਤਾ ਨੇ ਹਾਮੀ ਭਰ ਦਿੱਤੀ। ਅਮਰ ਸਿੰਘ ਸ਼ੌਂਕੀ ਨੂੰ ਸਿਆਲਕੋਟ 'ਗਾਉਣ' ਸਿੱਖਣ ਲਈ ਭੇਜ ਦਿੱਤਾ। ਅੱਗੇ ਉਸਤਾਦ ਦਾ ਨਾਮ ਵੀ ਅਮਰ ਸਿੰਘ ਹੀ ਸੀ। ਗਾਇਕੀ ਦੀ ਮੁੱਢਲੀ ਤਾਲੀਮ ਲੈ ਕੇ ਪਰਤੇ ਅਮਰ ਸਿੰਘ ਸ਼ੌਂਕੀ ਨੇ ਵਾਜੇ ਢੋਲਕੀ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੀਵਾਨਾਂ ਵਿੱਚ ਗਾਉਣਾ ,ਅਨੰਦ ਕਾਰਜ ਕਰਾਉਣੇ ਨੇੜੇ ਤੇੜੇ ਮੇਲਿਆਂ ਤੇ ਵੀ ਗਾ ਆਉਣਾ। ਸਾਰੇ ਪਾਸੇ ਸ਼ੌਂਕੀ ਸ਼ੌਂਕੀ ਹੋਣ ਲਗ ਪਈ। ਲੋਕ ਅਪਣੇ ਬੱਚਿਆਂ ਦੇ ਅਨੰਦ ਕਾਰਜ ਕਰਵਾਉਣ ਲਈ ਅਮਰ ਸਿੰਘ ਸ਼ੌਂਕੀ ਨੂੰ ਹੀ ਸੱਦਦੇ। ਅਨੰਦ ਕਾਰਜ ਵੀ ਕਰਵਾਉਂਦੇ ਤੇ ਸ਼ੌਂਕੀ ਤੋਂ ਦੁਪਹਿਰ ਦੀ ਰੋਟੀ ਵੇਲੇ 'ਗਾਉਣ ' ਵੀ ਲਵਾਉਂਦੇ।ਢਾਡੀ ਬਣ ਕੇ ਵੀ ਅਮਰ ਸਿੰਘ ਸ਼ੌਂਕੀ ਨੇ ਜੋ ਆਨੰਦ ਕਾਰਜ ਕਰਵਾਏ ਉਨ੍ਹਾਂ ਦੀ ਗਿਣਤੀ ਹਜ਼ਾਰ ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ ।ਇਥੋਂ ਤੱਕ ਵੀ ਸੁਣਿਆ ਹੈ ਕਿ ਸ਼ੌਂਕੀ ਜੀ ਦੇ ਐਸੇ ਮੁਰੀਦ ਵੀ ਸਨ ਜਿਹੜੇ ਅਮਰ ਸਿੰਘ ਸ਼ੌਂਕੀ ਤੋਂ ਤਰੀਕ ਪੁੱਛ ਕੇ ਅਪਣੇ ਬੱਚਿਆਂ ਦੇ ਵਿਆਹ ਰੱਖਦੇ ਸਨ।ਇਹ ਵੀ ਯਾਦ ਰਹੇ ਕਿ ਉਦੋਂ ਅਨੰਦ ਕਾਰਜ ਤਾਂ ਸਵੇਰੇ ਸਵੱਖਤੇ ਹੋ ਜਾਂਦੇ ਸਨ ਫਿਰ ਦੁਪਹਿਰ ਦੀ ਰੋਟੀ ਵੇਲੇ ਸ਼ੌਂਕੀ ਦਾ ਗਾਉਣ (ਖਾੜਾ ) ਵਿਆਹ ਦੇ ਸੁਆਦ ਨੂੰ ਦੁੱਗਣਾ ਕਰ ਦਿੰਦਾ ਸੀ । ਬਾਂਹਾਂ ਨੂੰ ਇੱਕ ਦੂਜੀ ਦੇ ਉੱਪਰ ਦੀ ਘੁਮਾ ਕੇ ਫਿਰ ਬਾਂਹ ਕੱਢਕੇ ਗਾਉਂਦਾ ਅਮਰ ਸਿੰਘ ਸ਼ੌਂਕੀ ਸਰੋਤਿਆਂ ਦਾ ਦਿਲ ਮੋਹ ਲੈਂਦਾ ਸੀ । ਜਿਹੜੇ ਮਾਂ ਬਾਪ ਦੇ ਬੱਚੇ ਵਿਆਹੁਣ ਯੋਗ ਹੁੰਦੇ ਉਹ ਮਨ ਹੀ ਮਨ ਸੋਚਦੇ ਕਿ ਅਸੀਂ ਵੀ ਸ਼ੌਕੀ ਹੀ ਸੱਦਣੈ। ਇਹ ਮੁਹੱਬਤ ਸ਼ੌਂਕੀ ਤੋਂ ਬਿਨਾਂ ਹੋਰ ਕਿਸੇ ਢਾਡੀ ਦੇ ਹਿੱਸੇ ਨਹੀਂ ਆਈ।ਫਿਰ ਅਮਰ ਸਿੰਘ ਸ਼ੌਂਕੀ ਦੇ ਰਿਕਾਰਡ ਆਏ। ਮੰਗਣੇ ਵਿਆਹਾਂ ਤੋ ਇਲਾਵਾ ਨਵ-ਜਨਮੇ ਬੱਚਿਆਂ ਦੀ 'ਛੱਟੀ' ਵੇਲੇ ਬਨੇਰਿਆਂ ਤੇ ਰੱਖੇ ਸਪੀਕਰਾਂ ਵਿਚੋਂ ਅਮਰ ਸਿੰਘ ਸ਼ੌਂਕੀ ਦੀ ਅਵਾਜ਼ ਆਉਦੀ 'ਛੋਟੇ ਲਾਲ ਦੋ ਪਿਆਰੇ,ਵਿਛੜੇ ਸਰਸਾ ਦੇ ਕਿਨਾਰੇ ', ਰਾਣੀ ਸੁੰਦਰਾਂ ਦੇ ਮਹਿਲਾਂ- ਹੇਠ ਆਣ ਕੇ, ਦਿੱਤੀ ਪੂਰਨ ਨੇ ਅਲਖ ਜਗਾ', ਸਾਹਿਬਾਂ ਵਾਜਾਂ ਮਾਰਦੀ- - -'। ਪਤਾ ਨਹੀਂ ਹੋਰ ਕਿੰਨੇ ਕੁ ਰਿਕਾਰਡ ਵੱਜਦੇ ਰਹਿੰਦੇ। ਕੰਪਨੀਆਂ ਵਲੋਂ ਰਿਕਾਰਡ ਹੋਏ ਰਿਕਾਰਡਾਂ ਦਾ ' ਰਿਕਾਰਡ ' ਵੀ ਸ਼ੌਕੀ ਦੇ ਨਾਮ ਹੀ ਬੋਲਦਾ ਹੈ। ਅਮਰ ਸਿੰਘ ਸ਼ੌਂਕੀ ਜੀ ਦਾ ਸ਼੍ਰੀ ਅਨੰਦਪੁਰ ਸਾਹਿਬ ਨਾਲ ਅੰਤਾਂ ਦਾ ਮੋਹ ਸੀ। ਜਦੋਂ ਕਦੇ ਕੋਈ ਔਕੜ ਆਉਂਦੀ ਤਾਂ ਸ਼ੌਂਕੀ ਅਨੰਦਪੁਰ ਸਾਹਿਬ ਵਾਲੇ ਬਾਜਾਂ ਵਾਲੇ ਗੁਰੂ ਨੂੰ ਯਾਦ ਕਰਦਾ।ਦਸ਼ਮੇਸ਼ ਪਿਤਾ ਅਮਰ ਸਿੰਘ ਸ਼ੌਂਕੀ ਦਾ ਰਖਵਾਲਾ ਬਣ ਜਾਦਾਂ। ਸ਼ੌਂਕੀ ਜੀ ਦਾ ਗਾਇਆ ਅਨੰਦਪੁਰ ਦਾ ਹੋਲਾ ਅੱਜ ਵੀ ਗੂੰਜਦਾ ਹੈ। 'ਮੈਂ ਬਲਿਹਾਰੇ ਜਾਵਾਂ ਰਾਮ ਜਿਹਨਾਂ ਦੀਆਂ ਮੰਨੇ "ਅਮਰ ਸਿੰਘ ਸ਼ੌਂਕੀ ਜੀ ਦੇ ਦਿੱਲ ਦੀ ਹੂਕ ਹੈ। ਇਹ ਵਾ-ਵਰੋਲਾ ਵੀ ਇਕ ਵਾਰ ਉਠਿਆ ਸੀ ਕਿ ਸ਼ੌਂਕੀ ਤਾਂ ਮਿਰਜ਼ਾ ਸਾਹਿਬਾਂ ਗਾਉਦੈ ਇਹਨੂੰ ਅਸੀਂ ਗੁਰਦੁਆਰਾ ਸਾਹਿਬਾਨ ਵਿੱਚ ਨਹੀਂ ਗਾਉਣ ਦੇਣਾ ,ਪਰ ਬਾਜਾਂ ਵਾਲਾ ਗੁਰੂ ਆਣ ਸਹਾਈ ਹੋਇਆ ਤੇ ਸ਼ੌਂਕੀ ਗੁਰੂ ਦੇ ਦੀਵਾਨਾਂ ਦੀ ਹਾਜ਼ਰੀ ਭਰਦਾ ਰਿਹਾ। ਵਰਤਮਾਨ ਯੁੱਗ ਦੀ ਰੱਬ ਦੇ ਰੰਗ ਵਿੱਚ ਰੰਗੀ ਆਤਮਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸ਼ੌਂਕੀ ਜੀ ਦੀਆਂ ਗੱਲਾਂ ਕਰਦੇ ਕਰਦੇ ਅਤੀਤ ਵਿੱਚ ਚਲੇ ਜਾਂਦੇ ਸਨ। ਫਿਰ ਸੰਗਤ ਨੂੰ ਲੰਮੀ ਉਡੀਕ ਕਰਨੀ ਪੈਂਦੀ। ਅਮਰ ਸਿੰਘ ਸ਼ੌਂਕੀ ਨਾਲ ਸ਼ਾਇਦ ਕੋਈ ਪੂਰਬਲੇ ਜਨਮ ਦੀ ਸਾਂਝ ਹੋਵੇਗੀ ਮਹਾਂ ਪੁਰਖਾਂ ਦੀ । ਅਮਰ ਸਿੰਘ ਸ਼ੌਂਕੀ ਸੌਦੇਬਾਜ ਨਹੀਂ ਸੀ। ਐਸਾ ਵੀ ਸੁਣਿਆ ਹੈ ਕਿ ਉਸਨੇ ਪੈਸੇ ਲਈ ਨਹੀਂ ਗਾਇਆ। ਞਜਦ ਵਿੱਚ ਆ ਕੇ ਗਾਉਣਾ ਉਹਦਾ ਇਸ਼ਕ ਸੀ ।ਪੱਛਮੀ ਪਰਭਾਵ ਕਬੂਲ ਚੁੱਕੀ ਸਾਡੀ ਵਰਤਮਾਨ ਪੰਜਾਬੀ ਗਾਇਕੀ ਦੇ ਸ਼ੋਰ ਮਚਾਉਣ ਵਾਲੇ ਦੌਰ ਵਿੱਚ ਵੀ ਅਮਰ ਸਿੰਘ ਸ਼ੌਂਕੀ ਦੇ ਲਿਖੇ ਤੇ ਗਾਏ ਗੀਤਾਂ ਦੀ ਕੀਮਤ ਘਟੀ ਨਹੀਂ। ਅੱਜ ਦਾ ਹਰ ਗਾਇਕ , ਗੀਤਕਾਰ ਨੂੰ ਕਿਸੇ ਨਵੇਂ ਵਿਸ਼ੇ ਤੇ ਗੀਤ ਲਿਖਣ ਲਈ ਕਹਿੰਦਾ ਹੈ। ਕਹਿ ਦਿੰਦਾ ਹੈ ਹੁਣ ਪੁਰਾਣੇ, ਪੀਂਘਾਂ ,ਪਿੱਪਲਾਂ, ਹੱਟੀਆਂ, ਭੱਠੀਆਂ ਡੋਰੀਏ ਤੇ ਗੁੱਤਾਂ ਵਾਲੇ ਗੀਤ ਨਹੀਂ ਚੱਲਦੇ ਕੋਈ ਅੱਜ ਦਾ ਨਵਾਂ ਆਈਡੀਆ ਲਿੱਖ ਕੇ ਲਿਆਓ।ਪਰ ਅਮਰ ਸਿੰਘ ਸ਼ੌਂਕੀ ਦੇ ਸੱਤਰ ਸਾਲ ਪਹਿਲਾਂ ਲਿੱਖੇ ਗੀਤ ਸੁਪਰ ਹਿੱਟ ਹੋਏ ਜਿਹੜੇ ਅੱਜ ਦੇ ਗਾਇਕਾਂ ਮਨਮੋਹਨ ਵਾਰਿਸ ਤੇ ਨਛੱਤਰ ਗਿੱਲ ਨੇ ਗਾਏ। ਗੀਤ ਧਾਰਮਿਕ ਵੀ ਨੇ ਤੇ ਸਭਿਆਚਾਰਕ ਭੀ।ਸੋਚਣਾ ਪਵੇਗਾ ਕਿ ਅਮਰ ਸਿੰਘ ਸ਼ੌਂਕੀ ਦੀ ਕਲਮ ਵਿੱਚ ਅਜਿਹਾ ਕੀ ਹੈ ? ਅਮਰ ਸਿੰਘ ਸ਼ੌਂਕੀ ਦੀ ਹਰਮਨ ਪਿਆਰਤਾ ਦੀ ਇੱਕ ਹੋਰ ਗੱਲਮੇਰੀ ਨਿੱਜੀ ਜਿੰਦਗੀ ਵਿੱਚੋਂ। ਮੈਨੂੰ ਬਚਪਨ ਤੋਂ ਹੀ ਸਰੰਗੀ ਸਿੱਖਣ ਦਾ ਬਹੁਤ ਸ਼ੌਕ ਸੀ ।1985 ਵਿੱਚ ਮੈਂ ਸਰੰਗੀ ਖਰੀਦ ਲਈ। ਬਿਨਾਂ ਕਿਸੇ ਤੋਂ ਸਿੱਖੇ ਵਜਾਉਂਦੇ ਰਹਿਣਾ । ਨਵੇਂ ਗੀਤਾਂ ਦੀਆਂ ਤਰਜ਼ ਕੱਢਣ ਦਾ ਯਤਨ ਕਰਨਾ। ਇੱਕ ਤਰਜ਼ ਮੈਂ ਥੋੜ੍ਹੀ ਜਿਹੀ ਵਜਾਉਣ ਲੱਗ ਪਿਆ "ਨੀ ਮੈਂ ਨੱਚਾਂ ਨੱਚਾਂ- - - -ਗਿੱਧਾ ਪਾਓ ਕੁੜੀਓ ਨੀਂ ਮਜਾਜਾਂ ਪਿੱਟੀਓ।"ਮੇਰੀ ਸਰੰਗੀ ਦੀ ਬੇਸੁਰੀ ਝੂੰ ਝੂੰ ਨੂੰ ਸੁਣ ਕੇ ,ਧਾਰਮਿਕ ਸੋਚ ਵਾਲੀ ਮੇਰੀ ਮਾਂ ਨੇ ਮੈਨੂੰ ਆ ਕੇ ਕਹਿਣਾ ਤਰਲੋਚਨ ਪੁੱਤ ਤੂੰ ਗਾ " ਮਾਂ ਨੂੰ ਪੁੱਛਦੇ ਦਾਦੀ ਪਿੰਡ ਹੁਣ ਕਿਤਨੀ ਕੁ ਦੂਰ "।ਇਹ ਅਮਰ ਸਿੰਘ ਸ਼ੌਂਕੀ ਜੀ ਦਾ ਰਿਕਾਰਡ ਛੋਟੇ ਲਾਲ ਦੋ ਪਿਆਰੇ - -' ਸੀ।ਅਮਰ ਸਿੰਘ ਸ਼ੌਂਕੀ ਨੇ ਪਰੰਪਰਾ ਤੋਂ ਹਟ ਕੇ ਗਾਇਆ ।ਪਰ ਜੋ ਗਾਇਆ ਓਹੀ ਪਰੰਪਰਾ ਬਣ ਗਿਆ। ਇਹ ਮੇਰੇ ਵੇਖਣ ਦੀਆਂ ਗੱਲਾਂ ਨੇ ਕਿ ਜਦੋਂ ਕਿਸੇ ਢਾਡੀ ਜੱਥੇ ਨੇ ਢਾਡੀ ਕਲਾ (ਢਾਡੀ ਰਾਗ ਨਹੀਂ )ਦੀ ਵੰਨਗੀ ਮਿਰਜ਼ਾ ਗਾਉਣਾ ਹੁੰਦੈ ਉਹ ਮਸ਼ਵਰਾ ਕਰਦੇ ਨੇ ਕਿਹੜਾ ਮਿਰਜ਼ਾ ਗਾਉਣਾ ਸ਼ੌਕੀ ਵਾਲਾ ਜਾਂ ਤਿਲੰਗ ਦਾ।ਅਮਰ ਸਿੰਘ ਸ਼ੌਂਕੀ ਦੀ ਗਾਈ ਹਰ ਵੰਨਗੀ ਹੀ ਪਰੰਪਰਾ ਬਣ ਗਈ ਹੈ। ਸ਼ੌਂਕੀ ਸਾਹਿਬ ਦੀ ਦਿਲਚਸਪ ਬਾਤ ਮੁੱਕਣ ਵਾਲੀ ਨਹੀਂ। ਇਹ ਬਾਤ ਪਾਉਣ ਵਾਲੇ ਤੇ ਸੁਣਨ ਵਾਲੇ ਨੂੰ ਸਕੂਨ ਦਿੰਦੀ ਹੈ।ਅਮਰ ਸਿੰਘ ਸ਼ੌਂਕੀ ਢਾਡੀ ਕਲਾ ਸ਼ਾਨਾਮੱਤਾ ਹਸਤਾਖਰ ਹੈ। ਸਦਾ ਲਈ ਚਲੇ ਜਾਣ ਦੇ ਉਨਤਾਲੀ ਸਾਲਾਂ ਬਾਅਦ ਵੀ ਅਮਰ ਸਿੰਘ ਸ਼ੌਂਕੀ ਜ਼ਿੰਦਾ ਹੈ ਲੋਕ ਹਿਰਦਿਆਂ ਵਿੱਚ। ਬਾਕੀ ਕਦੇ ਫੇਰ ਸਹੀ।
ਤਰਲੋਚਨ ਸਿੰਘ ਭਮੱਦੀ (ਢਾਡੀ )
ਫੋਨ ਨੰਬਰ 9814700348
ਵਿਸ਼ੇਸ਼ ਨੋਟ:- ਆਪ ਜੀ ਸ਼ਾਇਦ ਮਹਿਸੂਸ ਕਰਦੇ ਹੋਵੋਗੇ ਕਿ ਮੈਂ ਸਾਰੀਆਂ ਪੋਸਟਾਂ ਵਿੱਚ ਢਾਡੀ ਜੱਥਿਆਂ ਦੇ ਮੁੱਖੀ ਸਹਿਬਾਨ ਦੀ ਅੰਸ਼ ਬੰਸ਼ ਦਾ ਜ਼ਿਕਰ ਨਹੀਂ ਕੀਤਾ।ਮਜ਼ਬੂਰੀ ਹੈ। ਚਾਹੁੰਦਾ ਹਾਂ ਲਿਖ਼ਤ ਲੰਮੀ ਨਾ ਹੋ ਜਾਵੇ ।ਪਰ ਹਾਂ, ਮੇਰੀ ਇੱਛਾ ਇਹ ਹੈ ਕਿ ਇਹਨਾਂ ਲਿਖਤਾਂ ਦੀ ਕਿਤਾਬ ਛਪਵਾਉਣ ਸਮੇਂ ਸਾਰਿਆਂ ਦੇ ਪਰਵਾਰ,ਪਤਨੀ, ਪੁੱਤਰ ਧੀਆਂ ਦਾ ਜ਼ਿਕਰ ਜਰੂਰ ਲਿਖਾਂ।ਬਾਕੀ ਸਭ 'ਕਰਤੇ ' ਦੇ ਹੱਥ ਹੈ।
ਸਹਿਯੋਗੀਆਂ ਦਾ ਨਾਮ ਲਿਖ ਕੇ ਧੰਨਵਾਦ ਕਰਨਾ ਵੀ ਮੇਰੇ ਫਰਜ਼ਾਂ ਵਿੱਚ ਸ਼ਾਮਲ ਹੈ।।
ਤਰਲੋਚਨ ਸਿੰਘ ਭਮੱਦੀ (ਢਾਡੀ