11/08/2025
ਇੱਕ ਦਿਨ ਮੈਂ ਸਵੇਰੇ-ਸਵੇਰੇ ਉੱਠ ਕੇ ਬੈਠਾ ਹੀ ਸੀ ਕਿ ਕੁਝ ਲੋਕ ਆ ਗਏ। ਉਨ੍ਹਾਂ ਨੇ ਮੈਨੂੰ ਕਿਹਾ: "ਕੁਝ ਲੋਕ ਤੁਹਾਡੀ ਬਹੁਤ ਆਲੋਚਨਾ ਕਰਦੇ ਹਨ। ਕੋਈ ਕਹਿੰਦਾ ਹੈ ਕਿ ਤੁਸੀਂ ਨਾਸਤਿਕ ਹੋ। ਕੋਈ ਕਹਿੰਦਾ ਹੈ ਕਿ ਤੁਸੀਂ ਅਧਰਮੀ ਹੋ। ਤੁਸੀਂ ਇਨ੍ਹਾਂ ਸਾਰੀਆਂ ਵਿਅਰਥ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ?"
ਮੈਂ ਕਿਹਾ: "ਜਿਹੜੀਆਂ ਗੱਲਾਂ ਹਨ ਹੀ ਵਿਅਰਥ ਉਹਨਾਂ ਦਾ ਜਵਾਬ ਦੇਣ ਦਾ ਸਵਾਲ ਹੀ ਕੀ ਬਣਦਾ ਹੈ? ਕੀ ਜਵਾਬ ਦੇਣ ਦੇ ਯੋਗ ਸਮਝ ਕੇ ਅਸੀਂ ਖੁਦ ਹੀ ਅਜਿਹੀਆਂ ਗੱਲਾਂ ਨੂੰ ਸਾਰਥਕ ਨਹੀਂ ਮੰਨ ਲੈਂਦੇ?"
ਇਹ ਸੁਣ ਕੇ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ: "ਪਰ ਦੁਨੀਆਂ ਵਿੱਚ ਗਲਤ ਗੱਲਾਂ ਨੂੰ ਫੈਲਣ ਦੇਣਾ ਵੀ ਤਾਂ ਸਹੀ ਨਹੀਂ ਹੈ।"
ਮੈਂ ਕਿਹਾ: "ਤੁਸੀਂ ਠੀਕ ਕਹਿੰਦੇ ਹੋ। ਪਰ ਜਿਨ੍ਹਾਂ ਨੇ ਆਲੋਚਨਾ ਹੀ ਕਰਨੀ ਹੈ, ਨਿੰਦਿਆ ਹੀ ਕਰਨੀ ਹੈ, ਉਹਨਾਂ ਨੂੰ ਰੋਕਣਾ ਕਦੇ ਵੀ ਸੰਭਵ ਨਹੀਂ ਹੋਇਆ ਹੈ। ਉਹ ਬੜੇ ਖੋਜੀ ਹੁੰਦੇ ਹਨ ਅਤੇ ਉਹ ਹਮੇਸ਼ਾ ਹੀ ਨਵੇਂ-ਨਵੇਂ ਰਸਤੇ ਕੱਢ ਲੈਂਦੇ ਹਨ। ਇਸ ਸੰਬੰਧ ਵਿੱਚ, ਮੈਂ ਤੁਹਾਨੂੰ ਇੱਕ ਕਥਾ ਸੁਣਾਉਂਦਾ ਹਾਂ।" ਅਤੇ ਜੋ ਕਥਾ ਮੈਂ ਉਨ੍ਹਾਂ ਨੂੰ ਸੁਣਾਈ ਸੀ, ਉਹੀ ਮੈਂ ਤੁਹਾਨੂੰ ਵੀ ਸੁਣਾਉਂਦਾ ਹਾਂ।
ਪੁੰਨਿਆ ਦੀ ਰਾਤ ਸੀ। ਸਾਰੀ ਧਰਤੀ ਚਮਕਦਾਰ ਚਾਣਨੀ ਵਿੱਚ ਡੁੱਬੀ ਹੋਈ ਸੀ। ਸ਼ੰਕਰ ਜੀ ਅਤੇ ਪਾਰਵਤੀ ਜੀ ਆਮ ਪੁਰਸ਼ ਅਤੇ ਔਰਤ ਦਾ ਭੇਸ ਧਾਰ ਕੇ ਆਪਣੇ ਪਿਆਰੇ ਨੰਦੀ 'ਤੇ ਸਵਾਰ ਹੋ ਕੇ ਘੁੰਮਣ ਲਈ ਨਿਕਲੇ ਸਨ ਪਰ ਜਿਵੇਂ ਹੀ ਉਹ ਥੋੜ੍ਹਾ ਅੱਗੇ ਗਏ, ਕੁਝ ਲੋਕ ਉਨ੍ਹਾਂ ਨੂੰ ਰਸਤੇ ਵਿੱਚ ਮਿਲ ਗਏ। ਉਨ੍ਹਾਂ ਦੋਵਾਂ ਨੂੰ ਨੰਦੀ 'ਤੇ ਬੈਠੇ ਦੇਖ ਕੇ, ਉਨ੍ਹਾਂ ਲੋਕਾਂ ਨੇ ਕਿਹਾ: "ਵੇਖੋ ਬੇਸ਼ਰਮਾਂ ਨੂੰ। ਬੈਲ ਦੀ ਜਾਨ ਵਿੱਚ ਜਾਨ ਨਹੀਂ ਹੈ ਅਤੇ ਦੋ-ਦੋ ਜਣੇ ਉਸ 'ਤੇ ਚੜ੍ਹ ਕੇ ਬੈਠੇ ਹਨ!" ਉਹਨਾਂ ਦੀ ਇਹ ਗੱਲ ਸੁਣੀ ਤਾਂ ਪਾਰਵਤੀ ਜੀ ਹੇਠਾਂ ਉਤਰ ਗਈਂ ਅਤੇ ਪੈਦਲ ਤੁਰਨ ਲੱਗੀਂ। ਪਰ ਥੋੜ੍ਹਾ ਹੀ ਦੂਰ ਗਏ ਸਨ ਕਿ ਫਿਰ ਕੁਝ ਲੋਕ ਮਿਲੇ। ਉਨ੍ਹਾਂ ਨੇ ਕਿਹਾ: "ਓਏ ਆਹ ਵੇਖੋ, ਇਹ ਕੋਣ ਇੱਕ ਅਬਲਾ ਨੂੰ ਪੈਦਲ ਚਲਾ ਕੇ ਲੈ ਜਾ ਰਿਹਾ ਹੈ! ਇਹ ਤਾਂ ਹੱਦ ਹੀ ਹੋ ਗਈ!" ਇਹ ਸੁਣ ਕੇ, ਸ਼ੰਕਰ ਜੀ ਹੇਠਾਂ ਉੱਤਰ ਗਏ ਅਤੇ ਪਾਰਵਤੀ ਜੀ ਨੂੰ ਨੰਦੀ 'ਤੇ ਬਿਠਾ ਦਿੱਤਾ ਪਰ ਕੁਝ ਹੀ ਕਦਮ ਗਏ ਹੋਣਗੇ ਕਿ ਫਿਰ ਕੁਝ ਲੋਕ ਮਿਲ ਗਏ ਤੇ ਕਹਿਣ ਲੱਗੇ: "ਵੇਖੋ, ਇਸ ਔਰਤ ਵਿੱਚ ਜ਼ਰਾ ਵੀ ਸੰਸਕਾਰ ਨਹੀਂ ਹਨ; ਪਤੀ ਨੂੰ ਪੈਦਲ ਚਲਾ ਕੇ ਖੁਦ ਆਰਾਮ ਨਾਲ ਬਲਦ 'ਤੇ ਬੈਠੀ ਹੋਈ ਹੈ। ਦੋਸਤੋ, ਕਲਯੁਗ ਹੀ ਆ ਗਿਆ ਹੈ।"
ਅਜਿਹੀ ਸਥਿਤੀ ਦੇਖ ਕੇ, ਦੋਵੇਂ ਹੀ ਉਤਰ ਕੇ ਨੰਦੀ ਦੇ ਨਾਲ-ਨਾਲ ਤੁਰਨ ਲੱਗ ਪਏ। ਪਰ ਅਜੇ ਉਹ ਥੌੜੀ ਹੀ ਦੂਰ ਗਏ ਹੋਣਗੇ ਕਿ ਕੁਝ ਹੋਰ ਲੋਕ ਟੱਕਰ ਗਏ ਤੇ ਕਹਿਣ ਲੱਗੇ: "ਇਨ੍ਹਾਂ ਮੂਰਖਾਂ ਨੂੰ ਦੇਖੋ। ਹੱਟਾ-ਕੱਟਾ ਬੈਲ ਕੋਲ਼ ਹੈ ਅਤੇ ਇਹ ਪੈਦਲ ਚੱਲ ਰਹੇ ਹਨ।"
ਹੁਣ ਬੜੀ ਔਖ ਹੋ ਗਈ। ਸ਼ੰਕਰ ਜੀ ਅਤੇ ਪਾਰਵਤੀ ਜੀ ਕੋਲ ਕਰਨ ਲਈ ਹੁਣ ਕੁਝ ਵੀ ਬਾਕੀ ਨਹੀਂ ਬਚਿਆ ਸੀ। ਉਨ੍ਹਾਂ ਨੇ ਨੰਦੀ ਨੂੰ ਇੱਕ ਦਰੱਖਤ ਹੇਠਾਂ ਰੋਕਿਆ ਅਤੇ ਵਿਚਾਰ ਕਰਨ ਲੱਗੇ। ਹੁਣ ਤੱਕ ਨੰਦੀ ਚੁੱਪ ਸੀ। ਹੁਣ ਉਹ ਹੱਸ ਪਿਆ ਅਤੇ ਮਜ਼ਾਕ ਕਰਦੇ ਹੋਏ ਬੋਲਿਆ: "ਪ੍ਰਭੂ, ਮੈਂ ਤੁਹਾਨੂੰ ਦੱਸਾਂ ਕਿ ਹੁਣ ਕੀ ਕਰੋ? ਹੁਣ ਤੁਸੀਂ ਦੋਵੇਂ ਮੈਨੂੰ ਆਪਣੇ ਸਿਰਾਂ 'ਤੇ ਚੁੱਕ ਲਵੋ।"
ਇਹ ਸੁਣਦੇ ਹੀ, ਸ਼ੰਕਰ ਜੀ ਅਤੇ ਪਾਰਵਤੀ ਜੀ ਨੂੰ ਹੋਸ਼ ਆਇਆ ਅਤੇ ਦੋਵੇਂ ਫਿਰ ਤੋਂ ਨੰਦੀ 'ਤੇ ਸਵਾਰ ਹੋ ਗਏ। ਲੋਕ ਫਿਰ ਵੀ ਕੁਝ ਨਾ ਕੁਝ ਕਹਿੰਦੇ ਹੋਏ ਕੋਲੋਂ ਲੰਘਦੇ ਰਹੇ। ਅਸਲ ਵਿੱਚ ਲੋਕ ਬਿਨਾਂ ਕੁਝ ਕਹੇ ਲੰਘ ਵੀ ਕਿਵੇਂ ਸਕਦੇ ਹਨ? ਹੁਣ ਸ਼ੰਕਰ ਜੀ ਅਤੇ ਪਾਰਵਤੀ ਜੀ ਸੈਰ ਦਾ ਆਨੰਦ ਮਾਣ ਰਹੇ ਸਨ ਅਤੇ ਭੁੱਲ ਹੀ ਗਏ ਕਿ ਕੋਈ ਰਸਤੇ 'ਤੋਂ ਕੋਈ ਲੰਘ ਵੀ ਰਿਹਾ ਹੈ ਕਿ ਨਹੀਂ। ਕੋਈ ਉਹਨਾਂ ਨੂੰ ਦੇਖ ਵੀ ਰਿਹਾ ਹੈ ਕਿ ਨਹੀਂ। ਕੋਈ ਕੁਝ ਕਹਿ ਵੀ ਰਿਹਾ ਹੈ ਕਿ ਨਹੀਂ।
ਜੀਵਨ ਵਿੱਚ ਜੇਕਰ ਕਿਤੇ ਪਹੁੰਚਣਾ ਚਾਹੁੰਦੇ ਹੋ, ਤਾਂ ਜਾਣ ਲਵੋ ਕਿ ਰਸਤੇ ਵਿੱਚ ਮਿਲਣ ਵਾਲੇ ਹਰੇਕ ਵਿਅਕਤੀ ਦੀ ਗੱਲ ’ਤੇ ਧਿਆਨ ਦੇਣਾ ਆਤਮਘਾਤੀ ਹੈ। ਦਰਅਸਲ, ਜਿਸ ਵਿਅਕਤੀ ਦੀ ਸਲਾਹ ਦਾ ਕੁਝ ਮੁੱਲ ਹੁੰਦਾ ਹੈ, ਉਹ ਕਦੇ ਬਿਨਾਂ ਮੰਗੇ ਸਲਾਹ ਦਿੰਦਾ ਹੀ ਨਹੀਂ ਹੈ।
ਅਤੇ ਇਹ ਵੀ ਯਾਦ ਰੱਖੋ ਕਿ ਜੋ ਆਪਣੇ ਵਿਵੇਕ ਨਾਲ ਨਹੀਂ ਚੱਲਦਾ, ਉਸਦੀ ਗਤੀ ਹਵਾ ਦੇ ਝੋਕਿਆਂ ਵਿੱਚ ਉੱਡਦੇ ਸੁੱਕੇ ਪੱਤਿਆਂ ਵਾਂਗ ਹੋ ਜਾਂਦੀ ਹੈ।
~ ਓਸ਼ੋ