18/08/2025
ਖਿਚੜੀ ਦਾ ਮਤਲਬ ਹੁੰਦਾ ਰਲੇ ਮਿਲੇ ਅਨਾਜ, ਦਾਲਾਂ, ਮਿਲੱਟਸ, ਡਰਾਈ ਫਰੂਟਸ ਆਦਿ ਦੀ ਰੈਸਿਪੀ।
ਯਾਨਿ ਕਿ ਖਿਚੜੀ ਵਿੱਚ ਕੁੱਝ ਵੀ ਮਿਲਾਇਆ ਜਾ ਸਕਦਾ ਹੈ। ਬਹੁਤੇ ਲੋਕ ਚੌਲ ਤੇ ਮੂੰਗੀ ਦੀ ਹੀ ਖਿਚੜੀ ਖਾਂਦੇ ਹਨ ਜਦ ਕਿ ਕੁੱਝ ਲੋਕ ਮੋਠ ਬਾਜਰੇ ਦੀ ਖਿਚੜੀ ਬਣਾਉਂਦੇ ਹਨ।
ਪ੍ਰੰਤੂ ਖਿਚੜੀ ਵਿੱਚ ਕੋਈ ਵੀ ਅਨਾਜ ਦਾਲਾਂ ਤੁਸੀਂ ਪਾ ਸਕਦੇ ਹੋ। ਖਿਚੜੀ ਨੂੰ ਵਧੇਰੇ ਪੌਸ਼ਟਿਕ ਬਣਾਉਣ ਲਈ ਇਸ ਵਿੱਚ ਪੁੰਗਰੇ ਅਨਾਜ, ਦਾਲਾਂ ਵੀ ਵਰਤ ਸਕਦੇ ਹੋ।
ਲੇਕਿਨ ਖਿਚੜੀ ਹਮੇਸ਼ਾ ਨਮਕੀਨ ਹੀ ਬਣਾਈ ਜਾਂਦੀ ਹੈ। ਜੇ ਇਸ ਵਿੱਚ ਮਿੱਠਾ ਮਿਲਾ ਦਿੱਤਾ ਜਾਵੇ ਤਾਂ ਇਹ ਦਲੀਆ ਬਣ ਜਾਂਦਾ ਹੈ।
ਦਲੀਆ ਵੀ ਜ਼ਿਆਦਾ ਤਰ ਕਣਕ ਦਾ ਹੀ ਖਾਧਾ ਜਾਂਦਾ ਹੈ ਜਦ ਕਿ ਦਲੀਆ ਵੀ ਕਿਸੇ ਵੀ ਅਨਾਜ ਦਾ ਬਣਾਇਆ ਜਾ ਸਕਦਾ ਹੈ।
ਦਲੀਏ ਦੇ ਅਰਥ ਹਨ ਕਿਸੇ ਅਨਾਜ ਨੂੰ ਪੀਸਣ ਦੀ ਬਿਜਾਇ ਮੋਟਾ ਮੋਟਾ ਦਲ ਲੈਣਾ। ਦਲੀਆ ਨਮਕੀਨ ਵੀ ਹੋ ਸਕਦਾ ਹੈ ਤੇ ਮਿੱਠਾ ਵੀ।
ਦਲੀਏ ਚ ਸਿਰਫ ਨਮਕ ਹੀ ਪਾਇਆ ਜਾਂਦਾ ਹੈ। ਇਹ ਵੀ ਇੱਕ ਤੋਂ ਵਧੇਰੇ ਅਨਾਜਾਂ ਦਾ ਵੀ ਬਣਾਇਆ ਜਾ ਸਕਦਾ ਹੈ।
ਉਂਜ ਦਲੀਆ ਬਾਜਰੇ, ਮੱਕੀ, ਜਵੀਂ, ਛੋਲਿਆਂ ਆਦਿ ਦੇ ਇਲਾਵਾ ਦਾਲ ਦਾ ਵੀ ਹੋ ਸਕਦਾ ਹੈ। ਮਿੱਠੇ ਦਲੀਏ ਵਿੱਚ ਦੁੱਧ, ਡਰਾਈ ਫਰੂਟਸ ਮਿਲਾ ਦਿੱਤੇ ਜਾਣ ਤਾਂ ਇਹ ਖੀਰ ਬਣ ਜਾਂਦੀ ਹੈ।
ਪ੍ਰੰਤੂ ਜੇ ਨਮਕੀਨ ਦਲੀਏ ਵਿੱਚ ਸਬਜ਼ੀਆਂ ਮਿਲਾ ਦਿੱਤੀਆਂ ਜਾਣ ਤਾਂ ਇਹ ਵੈੱਜ ਪੁਲਾਉ ਬਣ ਜਾਂਦਾ ਹੈ।
ਦਲੀਏ ਨੂੰ ਬਣਾਉਣ ਬਾਅਦ ਪਤਲਾ ਕਰਕੇ ਨਮਕ, ਮਿਰਚ, ਮਸਾਲੇ ਪਾਕੇ ਤੜਕਾ ਲਾਕੇ ਬਰੀਕ ਪੀਸ ਲਿਆ ਜਾਵੇ ਤਾਂ ਇਹ ਸੂਪ ਬਣ ਜਾਂਦਾ ਹੈ।
ਇਵੇਂ ਹੀ ਪਤਲੀ ਖਿਚੜੀ ਦਾ ਵੀ ਸੂਪ ਬਣਾਇਆ ਜਾ ਸਕਦਾ ਹੈ। ਦਲੀਏ, ਸਬਜ਼ੀ, ਦਾਲ, ਖਿਚੜੀ ਆਦਿ ਦਾ ਸੂਪ ਹਮੇਸ਼ਾ ਜ਼ਿਆਦਾ ਹਾਜ਼ਮੇਦਾਰ ਤੇ ਸਿਹਤਵਰਧਕ ਹੁੰਦਾ ਹੈ।
ਲੇਕਿਨ ਇਸ ਵਿੱਚ ਮਿਰਚ, ਮਸਾਲੇ, ਨਮਕ ਆਦਿ ਜ਼ਿਆਦਾ ਤੇਜ਼ ਨਹੀਂ ਪਾਉਣੇ ਚਾਹੀਦੇ ਅਤੇ ਨਾਂ ਹੀ ਇਸਨੂੰ ਜ਼ਿਆਦਾ ਤਲਣਾ, ਤੜਕਣਾ, ਉਬਾਲਣਾ ਚਾਹੀਦਾ ਹੈ।
ਆਉ, ਅੱਜ ਤੁਹਾਨੂੰ ਪੌਸ਼ਟਿਕ ਤੇ ਸੁਆਦੀ ਖਿਚੜੀ ਬਣਾਉਣੀ ਸਿਖਾਈਏ।
ਪੌਸ਼ਟਿਕ ਖਿਚੜੀ ਬਣਾਉਣ ਲਈ ਰਾਤ ਭਰ ਭਿਉਂਤੀਆਂ ਮਿਕਸ ਦਾਲਾਂ, ਦਲੀ ਹੋਈ ਤੂਰ ਤੇ ਮੂੰਗੀ ਦਾਲ, ਦਲੇ ਹੋਏ ਮਾਂਹ, ਕਿਨੋਆ, ਲਾਪਸੀ ਦਲੀਆ ਆਦਿ ਬਰਾਬਰ ਮਾਤਰਾ ਵਿੱਚ ਪਾਉ।
ਇਸ ਚ ਇੱਕ ਇਲਾਇਚੀ, ਛੇ ਸੱਤ ਖੁਰਮਾਨੀ ਗਿਰੀ, ਪੰਜ ਛੇ ਪਿਸਤਾ ਗਿਰੀ, ਮੁੱਠੀ ਭਰ ਫੁੱਲ ਮਖਾਣੇ ਆਦਿ ਵੀ ਪਾਉ। ਇਸਦੇ ਇਲਾਵਾ ਲਿਟਲ ਮਿਲੱਟਸ, ਸੁਆਂਖਾਂ ਦੇ ਚੌਲ, ਫੌਕਸਟੇਲ ਮਿਲੱਟਸ, ਪਰੌਸੋ ਮਿਲੱਟਸ, ਫਿੰਗਰ ਮਿਲੱਟਸ, ਅਮਰੰਥ, ਚੀਆ ਸੀਡਜ਼ ਆਦਿ ਦੇ ਇਲਾਵਾ ਬਦਾਮ, ਕਾਜੂ, ਅਖਰੋਟ, ਨਾਰੀਅਲ, ਨਿਉਜੇ, ਤਿਲ, ਮਗਜ਼ ਆਦਿ ਵੀ ਥੋੜੇ ਥੋੜੇ ਪਾ ਸਕਦੇ ਹੋ।
ਜ਼ਰੂਰੀ ਨਹੀਂ ਹੈ ਕਿ ਇਸ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਹੀ ਪਾਉਣੀਆਂ ਹਨ। ਜਿੰਨੀਆਂ ਕੁ ਚੀਜ਼ਾਂ ਘਰ ਵਿੱਚ ਹੋਣ ਤੁਸੀਂ ਪਾ ਸਕਦੇ ਹੋ।
ਲੇਕਿਨ ਜਿੰਨੀਆਂ ਜ਼ਿਆਦਾ ਹੋਣਗੀਆਂ ਓਨੇ ਹੀ ਤੁਹਾਨੂੰ ਤੱਤ ਵੱਧ ਮਿਲਣਗੇ ਤੇ ਓਨੀ ਹੀ ਤੁਹਾਡੀ ਤੰਦਰੁਸਤੀ ਵਧੇਗੀ।
ਥੋੜ੍ਹੀ ਕਾਲੀ ਮਿਰਚ, ਜੀਰਾ, ਅਜਵੈਣ, ਥੋੜੀ ਹਲਦੀ, ਥੋੜਾ ਨਮਕ ਵੀ ਸ਼ੁਰੂ ਵਿੱਚ ਹੀ ਪਾ ਦਿਉ। ਚਾਹੋ ਤਾਂ ਥੋੜੀ ਹਰੀ ਮਿਰਚ ਵੀ ਪਾ ਸਕਦੇ ਹੋ।
ਇਸਦੇ ਇਲਾਵਾ ਮਰੂਆ, ਪੂਤਨਾ, ਸੁਹਾਂਜਨਾ, ਕੜੀ ਪੱਤਾ, ਰੋਜ਼ਮੈਰੀ, ਸੇਜ, ਡਿਲ, ਮਕੋਅ ਪੱਤੇ ਆਦਿ ਵੀ ਪਾ ਸਕਦੇ ਹੋ।
ਲੇਕਿਨ ਹਰ ਚੀਜ਼ ਥੋੜੀ ਹੀ ਪਾਉਣੀ ਚਾਹੀਦੀ ਹੈ ਤਾਂ ਕਿ ਕੋਈ ਚੀਜ਼ ਜ਼ਿਆਦਾ ਹੀ ਵਧਕੇ ਟੇਸਟ ਨਾਂ ਖਰਾਬ ਕਰ ਦੇਵੇ।
ਇਹ ਖਿਚੜੀ ਸਿਰਫ ਨਮਕ ਤੇ ਥੋੜੀ ਕਾਲੀ ਮਿਰਚ ਪਾ ਕੇ ਵੀ ਬਣਾਈ ਜਾ ਸਕਦੀ ਹੈ।
ਇਹ ਖਿਚੜੀ ਤਾਂਬੇ, ਐਲੂਮੀਨੀਅਮ ਆਦਿ ਕਿਸੇ ਬਰਤਨ ਚ ਨਹੀਂ ਬਣਾਉਣੀ ਚਾਹੀਦੀ।
ਬਲਕਿ ਕਿਸੇ ਭਾਰੇ ਤਲੇ ਵਾਲੇ ਸਟੀਲ ਦੇ ਕੁੱਕਵੇਅਰ ਵਿਚ ਹੀ ਬਣਾਉਣੀ ਚਾਹੀਦੀ ਹੈ। ਇਹ ਜ਼ਿਆਦਾ ਪਾਣੀ ਪਾਕੇ ਹੀ ਘੱਟ ਅੱਗ ਤੇ ਬਣਾਉਣੀ ਚਾਹੀਦੀ ਹੈ।
ਇਹ ਮਾਈਕਰੋਵੇਵ ਕੁੱਕ ਵੀ ਨਹੀਂ ਕਰਨੀ ਚਾਹੀਦੀ ਤੇ ਪ੍ਰੈਸ਼ਰ ਕੁੱਕ ਵੀ ਨਹੀਂ ਕਰਨੀ ਚਾਹੀਦੀ। ਸਟੀਮ ਕੀਤੀ ਖਿਚੜੀ ਸਭ ਤੋਂ ਵੱਧ ਪੌਸ਼ਟਿਕ ਹੁੰਦੀ ਹੈ ਲੇਕਿਨ ਘੱਟ ਅੱਗ ਤੇ ਢਕਕੇ ਬਣਾਈ ਖਿਚੜੀ ਵੀ ਠੀਕ ਹੁੰਦੀ ਹੈ। ਇਹ ਦਸ ਕੁ ਮਿੰਟ ਚ ਬਣ ਜਾਂਦੀ ਹੈ।
ਅਜਿਹੀ ਖਿਚੜੀ ਰੋਜ਼ਾਨਾ ਖਾਧੀ ਜਾ ਸਕਦੀ ਹੈ। ਇਹ ਰੋਟੀ, ਸਬਜ਼ੀ ਜਾਂ ਚੌਲ, ਦਾਲ ਆਦਿ ਖਾਣ ਤੋਂ ਵਧੇਰੇ ਸਿਹਤਵਰਧਕ ਹੁੰਦੀ ਹੈ। ਇਹ ਕਿਸੇ ਵੀ ਤਰੀਦਾਰ ਸਬਜ਼ੀ, ਦਾਲ, ਕੱੜੀ ਨਾਲ ਖਾਧੀ ਜਾ ਸਕਦੀ ਹੈ।
ਇਹ ਦਹੀਂ, ਯੌਗਰਟ, ਲੱਸੀ ਆਦਿ ਨਾਲ ਵੀ ਖਾ ਸਕਦੇ ਹੋ। ਇਸ ਨਾਲ ਸਲਾਦ ਖਾਧਾ ਜਾਵੇ ਤਾਂ ਪੌਸ਼ਟਿਕਤਾ ਹੋਰ ਵੀ ਵਧ ਜਾਂਦੀ ਹੈ। ਖਿਚੜੀ ਬਾਅਦ ਚਾਹ, ਕੌਫੀ, ਕੋਲਡ ਡਰਿੰਕਸ ਆਦਿ ਨਹੀਂ ਪੀਣੇ ਚਾਹੀਦੇ ਬਲਕਿ ਲੋੜ ਅਨੁਸਾਰ ਥੋੜਾ ਪਾਣੀ ਜ਼ਰੂਰ ਪੀਤਾ ਜਾ ਸਕਦਾ ਹੈ ਤਾਂ ਕਿ ਪਤਲੀ ਖਿਚੜੀ ਹੋਰ ਵੀ ਆਸਾਨੀ ਨਾਲ ਹਜ਼ਮ ਹੋਵੇ ਅਤੇ ਕਬਜ਼, ਪੇਟ ਭਾਰੀਪਨ, ਪੇਟ ਗੈਸ ਆਦਿ ਨਾਂ ਬਣੇ।
ਬੱਚਿਆਂ, ਨੌਜੁਆਨਾਂ, ਬਜ਼ੁਰਗਾਂ ਆਦਿ ਕਿਸੇ ਨੂੰ ਵੀ ਖਾਣ ਲਈ ਇਹ ਖਿਚੜੀ ਰੋਜ਼ਾਨਾ ਵੀ ਦਿੱਤੀ ਜਾ ਸਕਦੀ ਹੈ। ਬੱਚਿਆਂ ਦੇ ਕੱਦ ਕਾਠ ਵਧਾਉਣ ਲਈ ਇਸ ਵਿੱਚ ਬਹੁਤ ਤੱਤ ਹੁੰਦੇ ਹਨ।
ਨੌਜੁਆਨਾਂ ਅਤੇ ਮੁਟਿਆਰਾਂ ਦੀ ਤੰਦਰੁਸਤੀ, ਸੁੰਦਰਤਾ ਅਤੇ ਤਾਕਤ ਵਧਾਉਣ ਵਾਲੇ ਤੱਤ ਵੀ ਇਸ ਚੋਂ ਕਾਫ਼ੀ ਮਾਤਰਾ ਵਿੱਚ ਮਿਲਦੇ ਹਨ।
ਇਹ ਖਿਚੜੀ ਹਾਈ ਪ੍ਰੋਟੀਨ ਅਤੇ ਹਾਈ ਮਿਨਰਲ ਹੋਣ ਕਰਕੇ ਖੂਬ ਮਿਹਨਤ ਕਰਨ ਵਾਲੇ, ਰੋਜ਼ਾਨਾ ਵਰਜਿਸ਼ ਕਰਨ ਵਾਲੇ ਜਾਂ ਖਿਡਾਰੀਆਂ ਲਈ ਬੇਹੱਦ ਲਾਭਦਾਇਕ ਹੁੰਦੀ ਹੈ।
ਜ਼ੋਰਦਾਰ ਕੰਮ ਕਰਦਿਆਂ ਸਰੀਰ ਵਿੱਚ ਮਾਸਪੇਸ਼ੀਆਂ ਅਤੇ ਹੱਡੀਆਂ ਜੋੜਾਂ ਦੀ ਕਾਫੀ ਤੋੜ ਭੰਨ ਹੁੰਦੀ ਹੈ।
ਬਜ਼ੁਰਗਾਂ ਦੀ ਪਾਚਣ ਪ੍ਰਣਾਲੀ ਨੂੰ ਸਹੀ ਰੱਖਣ ਵਾਲੇ ਤੱਤ ਵੀ ਇਸ ਚ ਕਾਫ਼ੀ ਹੁੰਦੇ ਹਨ।
ਖਾਸ ਕਰਕੇ ਇਸ ਵਿੱਚ ਕਾਫੀ ਮਾਤਰਾ ਵਿੱਚ ਫਾਇਬਰਜ਼ ਹੁੰਦੇ ਹਨ ਜੋ ਕਿ ਬਜ਼ੁਰਗਾਂ ਦੇ ਵਧੇਰੇ ਬਣਨ ਵਾਲੇ ਅੰਤੜੀ ਰੋਗਾਂ ਤੋਂ ਬਚਾਅ ਕਰਦੇ ਹਨ।
ਇਹੋ ਫਾਇਬਰਜ਼ ਬੈਡ ਕੋਲੈਸਟਰੋਲ ਵੀ ਵਧਣੋਂ ਰੋਕਦੇ ਹਨ। ਖਿਚੜੀ ਖਾਂਦੇ ਰਹਿਣ ਨਾਲ ਵੱਡੀ ਉਮਰ ਵਿੱਚ ਕਮਜ਼ੋਰੀ ਮਹਿਸੂਸ ਵੀ ਨਹੀਂ ਹੁੰਦੀ।
ਅਜਿਹੀ ਖਿਚੜੀ ਖਾਂਦੇ ਰਹਿਣ ਨਾਲ ਵਾਲਾਂ, ਮਾਸਪੇਸ਼ੀਆਂ, ਚਮੜੀ, ਜੋੜਾਂ, ਦੰਦਾਂ, ਨਾੜੀਆਂ, ਲਿਗਾਮੈਂਟਸ, ਟੈਂਡਨਜ਼ ਆਦਿ ਸੰਬੰਧੀ ਰੋਗਾਂ ਤੋਂ ਵੀ ਬਚਾਉ ਹੁੰਦਾ ਹੈ।
ਇਉਂ ਇਹ ਖਿਚੜੀ ਖਾਂਦੇ ਰਹਿਣ ਵਾਲਿਆਂ ਦੇ ਸਰੀਰਿਕ ਸੁੰਦਰਤਾ ਅਤੇ ਤੰਦਰੁਸਤੀ ਦੇ ਨਾਲ ਨਾਲ ਉਮਰ ਵੀ ਲੰਬੀ ਹੁੰਦੀ ਹੈ।
ਇਸੇ ਤਰ੍ਹਾਂ ਇਹ ਅੱਖਾਂ, ਨੱਕ, ਕੰਨ, ਗਲੇ ਆਦਿ ਸੰਬੰਧੀ ਅਨੇਕ ਰੋਗਾਂ ਤੋਂ ਵੀ ਬਚਾਅ ਕਰਦੀ ਹੈ। ਮਿਹਦੇ, ਜਿਗਰ, ਅੰਤੜੀਆਂ ਆਦਿ ਅੰਗਾਂ ਨੂੰ ਵੀ ਤੰਦਰੁਸਤ ਰੱਖਣ ਚ ਖਿਚੜੀ ਮਦਦ ਕਰਦੀ ਹੈ।
ਲੇਕਿਨ ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਇਹ ਘੱਟ ਖਾਣੀ ਚਾਹੀਦੀ ਹੈ। ਟਾਈਫਾਈਡ, ਪ੍ਰੌਸਟਾਇਟਿਸ, ਹਾਈ ਕੋਲੈਸਟਰੋਲ, ਲਿਵਰ ਸਿਰੌਸਿਸ, ਕਿਡਨੀ ਫੇਲਿਅਰ, ਪਥਰੀ, ਹਾਈ ਯੂਰਿਕ ਐਸਿਡ, ਗਠੀਆ ਆਦਿ ਰੋਗਾਂ ਵਾਲਿਆਂ ਨੂੰ ਇਹ ਨਹੀਂ ਖਾਣੀ ਚਾਹੀਦੀ।
ਇਹਨਾਂ ਰੋਗਾਂ ਵਿੱਚ ਸਿਰਫ ਲਾਪਸੀ, ਅਰਹਰ, ਕਿਨੋਆ, ਲਿਟਲ ਮਿਲੱਟਸ ਅਤੇ ਧੋਤੀ ਮੂੰਗੀ ਦੀ ਦਾਲ ਦੀ ਪਤਲੀ ਖਿਚੜੀ ਹੀ ਦਿੱਤੀ ਜਾ ਸਕਦੀ ਹੈ।
ਪ੍ਰੰਤੂ ਕਿਸੇ ਵੀ ਰੋਗ ਬਾਅਦ ਬਣੀ ਕਮਜ਼ੋਰੀ ਨੂੰ ਠੀਕ ਕਰਨ ਵਾਸਤੇ ਵੀ ਖਿਚੜੀ ਦਿੱਤੀ ਜਾ ਸਕਦੀ ਹੈ। ਲੇਕਿਨ ਸ਼ੁਰੂ ਵਿੱਚ ਇਹ ਬਹੁਤ ਪਤਲੀ ਅਤੇ ਥੋੜੀ ਦੇਣੀ ਚਾਹੀਦੀ ਹੈ।
Dr.Balraj Bains Dr.Karamjeet Kaur Bains , ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਬੈਂਸ ਹੈਲਥ ਸੈਂਟਰ, ਰਾਮਾ ਕਲੋਨੀ, ਮੋਗਾ, 094630 38229
ਬਾਜ਼ਾਰੂ ਚੀਜ਼ਾਂ ਘੱਟ ਤੋਂ ਘੱਟ ਖਾਉ। ਕਿਉਂਕਿ ਇਹ ਜਿਸ ਵੀ ਕਿਸੇ ਨੇ ਬਣਾਈਆਂ ਹੁੰਦੀਆਂ ਹਨ, ਕੋਈ ਨਾ ਕੋਈ ਲਾਲਚ ਰੱਖਕੇ ਹੀ ਬਣਾਈਆਂ ਹੁੰਦੀਆਂ ਹਨ। ਇਹਨਾਂ ਚ ਮਿਲਾਵਟ ਵੀ ਹੋ ਸਕਦੀ ਹੈ ਤੇ ਕੁੱਝ ਖਤਰਨਾਕ ਕੈਮੀਕਲਜ਼ ਵੀ ਹੋ ਸਕਦੇ ਹੁੰਦੇ ਹਨ।