31/01/2026
ਸੱਤਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਹਾਨ ਗੁਰਮਤਿ ਸਮਾਗਮ ਉਲੀਕੇ ਗਏ। ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਕੀਆਂ ਪਿਆਰੀਆਂ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਅਤੇ ਬੜੇ ਹੀ ਸ਼ਰਧਾ ਭਾਵਨਾ ਨਾਲ ਇਹ ਸਮਾਗਮ ਵਿੱਚ ਹਾਜ਼ਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਨਾਲ ਗੁਰਮਤਿ ਅਤੇ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਈ। ਵਿਚਾਰਾਂ ਦੀ ਸਾਂਝ ਪਾਉਂਦਿਆਂ ਧੰਨ ਗੁਰੂ ਹਰਿਰਾਏ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਫ਼ਲਸਫ਼ਾ ਹੈ 'ਨਿਰਭਉ ਤੇ ਨਿਰਵੈਰ' ਉਸ ਬਾਰੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਜਿਵੇਂ ਦਿੱਲੀ ਦੀ ਹਕੂਮਤ ਤੋਂ ਬਿਲਕੁਲ ਭਉ ਨਹੀਂ ਖਾਧਾ, ਉਨ੍ਹਾਂ ਨੇ ਨਿਰਵੈਰਤਾ ਦੀ ਅਜਾਹੀ ਮਿਸਾਲ ਦਿੱਤੀ ਕਿ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਂ ਦੇ ਪੁੱਤਰ ਦਾਰਾਸ਼ਿਕੋ ਵਾਸਤੇ ਵੀ ਆਪਣੇ ਦਵਾਖਾਨੇ ਦੇ ਵਿੱਚੋਂ ਦਵਾਈ ਦਿੱਤੀ। ਜਿਸ ਦੇ ਨਾਲ ਦਾਰਾਸ਼ਿਕੋ ਨੂੰ ਤੰਦਰੁਸਤੀ ਮਿਲੀ। ਇਸ ਦੇ ਨਾਲ ਨਾਲ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸਤਿਕਾਰ ਦੇ ਵਾਸਤੇ ਜਿਹੜੇ ਪੂਰਨੇ ਪਾਏ, ਅਮਲੀ ਰੂਪ ਵਿੱਚ ਸੰਗਤ ਦੇ ਨਾਲ ਉਨ੍ਹਾਂ ਦਾ ਜ਼ਿਕਰ ਕੀਤਾ। ਸੰਗਤ ਨੂੰ ਪ੍ਰੇਰਨਾ ਕੀਤੀ ਗਈ ਸਾਨੂੰ ਗੁਰਬਾਣੀ ਨਾਲ ਵੱਧ ਤੋਂ ਵੱਧ ਜੁੜ ਕੇ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਸਮੁੱਚੀ ਸੰਗਤ ਨੂੰ ਕਿਹਾ ਕਿ ਆਪਣੇ ਘਰ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਲਿਖ ਕੇ ਲਾਓ। ਆਪਣੇ ਵਪਾਰਕ ਅਦਾਰਿਆਂ ਦੇ ਉੱਤੇ ਵੀ ਪੰਜਾਬੀ ਦੀ ਵਰਤੋਂ ਕਰੋ। ਗੁਰੂ ਸਾਹਿਬ ਦੀ ਬਖਸ਼ੀ ਹੋਈ ਦਾਤ ਗੁਰਮੁਖੀ ਨਾਲ ਸਾਨੂੰ ਜੁੜਨਾ ਚਾਹੀਦਾ ਤੇ ਇਸ ਦੇ ਨਾਲ ਨਾਲ ਘਰਾਂ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਗੁਰਮੁਖੀ ਨਾਲ ਜੁੜ ਕੇ ਗੁਰੂ ਨਾਲ ਜੁੜੇ ਰਹਿਣ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖੀ ਦੀ ਫੁਲਵਾੜੀ, ਬੱਚਿਆਂ ਨੇ ਬੜਾ ਉਤਸ਼ਾਹ ਦਿਖਾਇਆ। ਉਹ ਵਿਸ਼ੇਸ਼ ਤੌਰ 'ਤੇ ਆ ਕੇ ਮਿਲੇ ਜਿਸ ਨਾਲ ਮੰਨ ਬਹੁਤ ਪ੍ਰਸੰਨ ਹੋਇਆ। ਇਹਨਾਂ ਬੱਚਿਆਂ ਨੂੰ ਸਦਾ ਸਾਬਤ ਸੂਰਤ ਰਹਿਣ ਅਤੇ ਗੁਰਬਾਣੀ ਨਾਲ ਜੁੜ ਕੇ ਰਹਿਣ ਦੀ ਪ੍ਰੇਰਨਾ ਕੀਤੀ।
ਚਰਨਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਅੰਬ ਸਾਹਿਬ