16/08/2025
🌹ਸਾਖੀ: ਮਨ ਦਾ ਟਿਕਾਓ ਹੀ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੈ 🌹
ਬੁਹਤ ਸਾਰੇ ਵਿਦਵਾਨ ਅਤੇ ਹੋਰ ਸੰਗਤਾਂ ਵੀ ਬਾਬਾ ਜੀ ਦੇ ਧੂਣੇ ਤੇ ਆਣ ਲਗ ਪਾਈਆਂ, ਸਵਾਲ ਜਵਾਬ ਵੀ ਹੁੰਦੇ। ਬੁਹਤ ਸਾਰੇ ਵਿਚਾਰ ਵੀ ਬਾਬਾ ਜੀ ਨਾਲ ਕੀਤੇ ਜਾਣ ਲੱਗੇ। ਇੱਕ ਦਿਨ ਸਭ ਨੇ ਮਸ਼ਵਰਾ ਕੀਤਾ ਕੇ ਬਾਬਾ ਜੀ ਨਾਲ ਬਚਨ ਕੀਤੇ ਜਾਣ ਹਰ ਰੋਜ਼ ਕਥਾ ਸਰਵਣ ਕਰਨ ਨਾਲ ਵੀ ਮਨ ਵਿੱਚ ਵੈਰਾਗ ਕਿਉਂ ਨਹੀਂ ਹੁੰਦਾ ਹੈ। ਸੰਗਤ ਜੁੜੀ, ਬਾਬਾ ਜੀ ਨੇ ਫਰਮਾਇਆ ਹੇ ਜਗਿਆਸੂ ਜਨੋ ਅਗਰ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਪ੍ਰਸ਼ਨ ਕਰ ਲਵੋ ਤਾਂ ਇੱਕ ਵਿਦਵਾਨ ਜਿਸਦਾ ਨਾਲ ਵਾਸਦੇਵ ਸੀ ਉਸਨੇ ਉੱਠ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀ ਰੋਜ਼ ਕਥਾ ਸਰਵਣ ਕਰਦੇ ਹਾਂ ਮਗਰ ਸਾਡਾ ਮਨ ਬੜਾ ਡਾਵਾ ਡੋਲ ਰਹਿੰਦਾ ਹੈ ਏਹ ਮਨ ਘਰ ਦੇ ਕੰਮਾਂ ਦੀ ਖਿੱਚ ਪਾਈ ਰੱਖਦਾ ਹੈ। ਕਈ ਵਾਰ ਤਾਂ ਘਰ ਦੇ ਕੰਮਾਂ ਕਰਕੇ ਕਥਾ ਦੀ ਯਾਦ ਹੀ ਭੁਲਾ ਦਿੰਦਾ ਹੈ। ਜਦ ਏਹ ਮਨ ਦਾਓ ਪੇਚ ਮਾਰਦਾ ਹੈ ਸਮਝ ਨਹੀ ਆਂਦੀ ਕਿ ਕਿਧਰ ਨੂੰ ਲੈਣ ਕੇ ਜਾਏਗਾ।
ਬਾਬਾ ਜੀ ਨੇ ਫਰਮਾਇਆ ਭਗਤ ਜਨੋ ਏਹ ਮਨ ਬੜਾ ਪ੍ਰਬਲ ਹੈ। ਏਸ ਮਨ ਦੇ ਅੱਗੇ ਕਈ ਰਿਸ਼ੀਆਂ ਮੁਨੀਆਂ ਨੇ ਹਥਿਆਰ ਸੁੱਟ ਦਿੱਤੇ ਸਨ। ਨਾਰਦ ਮੁਨੀ ਵਰਗੇ ਵਿਦਵਾਨ ਏਸ ਮਨ ਦੀਆ ਖੇਡਾਂ ਦੇਖ ਹੈਰਾਨ ਸਨ। ਪਰ ਇੱਕ ਪਲ ਵਿੱਚ ਏਹ ਮਨ ਠੀਕ ਵੀ ਹੋ ਜਾਂਦਾ ਹੈ ਇਕ ਠੁੰਨਕਾ ਮਾਤਰ ਲੱਗ ਜਾਏ ਤਾਂ ਸੰਭਲ ਜਾਂਦਾ ਹੈ । ਬਾਬਾ ਜਿ ਇਸ ਪ੍ਰਥਾਏ ਪੁਰਾਤਨ ਪ੍ਰਕਰਣ ਵਰਨਣ ਕਰਨ ਲੱਗੇ:-
ਇੱਕ ਘੋੜ ਸਵਾਰ ਮੁਸਾਫ਼ਿਰ ਥਕ ਕੇ ਇੱਕ ਦਰੱਖਤ ਦੇ ਥੱਲੇ ਘੋੜਾ ਬੰਨ੍ਹ ਕੇ ਬੈਠ ਗਿਆ ਉਹ ਦਰੱਖਤ ਪਿੰਡ ਦੇ ਨੇੜੇ ਹੀ ਸੀ। ਜਿੱਥੇ ਬੁਹਤ ਸਾਰੇ ਲੋਕ ਉਸਨੇ ਆਂਦੇ ਜਾਂਦੇ ਦੇਖੇ। ਇੱਕ ਪੁਰਖ ਨੂੰ ਉਸ ਘੋੜ ਸਵਾਰ ਨੇ ਪੁੱਛਿਆ ਕਿ ਏਸ ਜਗ੍ਹਾ ਲੋਕ ਕੀ ਕਰਨ ਜਾਂਦੇ ਹਨ ਤਾਂ ਉਸ ਪੁਰਖ ਨੇ ਦੱਸਿਆ ਕਿ ਮੰਦਿਰ ਵਿੱਚ ਬੜੀ ਰਸਦਾਇਕ ਕਥਾ ਹੁੰਦੀ ਹੈ ਕਥਾ ਵਾਚਕ ਬੁਹਤ ਵਿਦਵਾਨ ਹਨ। ਉਸ ਮੁਸਾਫ਼ਿਰ ਦੇ ਮਨ ਵਿਚ ਵੀ ਕਥਾ ਸੁਣਨ ਦੀ ਇੱਛਾ ਹੋਈ, ਉਹ ਮੰਦਰ ਵੱਲ ਨੂੰ ਚਲਾ ਗਿਆ। ਕਥਾ ਵਾਚਕ ਨੇ ਜਗਤ ਮਿਥਿਆ ਦਾ ਪ੍ਰਸੰਗ ਸ਼ੁਰੂ ਕੀਤਾ ਹੋਇਆ ਸੀ ਭਰਥਰੀ ਦੇ ਵਰਾਗ ਸ਼ਤਕ ਆਦਿ ਗ੍ਰੰਥਾ ਦੇ ਸਲੋਕ ਉਚਾਰਨ ਕਰਕੇ ਵਿਆਖਿਆ ਕੀਤੀ ਕਿ ਜਗਤ ਮਿਥਿਆ ਹੈ ਕੋਈ ਵੀ ਵਸਤੂ ਮਨੁੱਖ ਦੇ ਸਾਥ ਨਹੀਂ ਜਾ ਸਕਦੀ ਏਹ ਜੀਵ ਸੰਸਾਰ ਵਿੱਚ ਨੰਗਿਆ ਹੀ ਆਇਆ ਹੈ ਨੰਗਾ ਹੀ ਜਾਏਗਾ। ਕੇਹਾ ਸੁਣ ਕੇ ਮੁਸਾਫ਼ਰ ਦੇ ਮਨ ਵਿੱਚ ਵੈਰਾਗ ਦੀ ਲਹਿਰ ਜਾਗ ਉਠੀ। ਉਸਨੇ ਆਪਣਾ ਸਾਰਾ ਸਮਾਨ, ਘੋੜਾ ਸਭ ਓਥੇ ਹੀ ਵੰਡ ਦਿਤਾ ਅਤੇ ਆਪ ਮਹਾਤਮਾ ਵਾਲਾ ਸਰੂਪ ਧਾਰ ਕੇ ਕਈ ਸਾਲ ਪ੍ਰੇਮ ਨਾਲ ਭਗਤੀ ਕਰਦਾ ਰਿਹਾ ਉਸਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਮਨ ਵਿੱਚ ਕੋਈ ਇੱਛਾ ਨਾ ਰਹੀ। ਓਹ ਮੁਸਾਫ਼ਿਰ ਇੱਕ ਦਿਨ ਫਿਰ ਉਸ ਜਗ੍ਹਾ ਆਇਆ ਜਿੱਥੇ ਘੋੜਾ ਬੰਨ੍ਹ ਕੇ ਓਹ ਬੈਠਾ ਸੀ ਓਸਨੇ ਦੇਖਿਆ ਓਸੇ ਤਰ੍ਹਾਂ ਲੋਕ ਮੰਦਰ ਵੱਲ ਨੂੰ ਜਾ ਰਹੇ ਹਨ। ਉਸਨੇ ਇੱਕ ਜਗਿਆਸੂ ਤੋਂ ਪੁੱਛਿਆ ਕਿ ਏਹ ਲੋਕ ਕਿਧਰ ਨੂੰ ਜਾ ਰਹੇ ਹਨ ਅਤੇ ਕਿੰਨੇ ਸਮੇਂ ਤੋਂ ਜਾ ਰਹੇ ਹਨ। ਜਗਿਆਸੂ ਨੇ ਦੱਸਿਆ ਏਹ ਕਥਾ ੨੦ ਸਾਲ ਤੋਂ ਮੰਦਰ ਵਿੱਚ ਹੁੰਦੀ ਹੈ ਪੰਡਤ ਜੀ ਵੀ ੨੦ ਸਾਲ ਤੋਂ ਕਥਾ ਕਰਦੇ ਹਨ। ਓਹ ਮੁਸਾਫ਼ਰ ਬੜ੍ਹਾ ਹੈਰਾਨ ਹੋਇਆ ਕਿ ਇੰਨੇ ਸਾਲਾਂ ਤੋਂ ਜਗਿਆਸੂ ਸਮਝੇ ਨਹੀਂ ਕਥਾ ਦਾ ਅਰਥ ਮੇਰੇ ਤਾਂ ਇੱਕ ਵਾਰ ਦੀ ਕਥਾ ਨਾਲ ਚਪੇੜ ਲਗੀ ਸੀ ਅਤੇ ਮੈਂ ਬਾਰਾਂ ਸਾਲ ਗੰਗਾ ਕਿਨਾਰੇ ਭਗਤੀ ਕੀਤੀ ਫਲ ਆਦਿ ਖਾ ਕੇ ਜੀਵਨ ਨਿਰਬਾਹ ਕੀਤਾ। ਧੰਨ ਹਨ ਏਹ ਸਰੋਤੇ ਜੋ ਲਗਾਤਾਰ ਕਥਾ ਪ੍ਰਸੰਗ ਸੁਣ ਕੇ ਵੀ ਮੋਹ ਮਾਇਆ ਤੋਂ ਮੁਕਤ ਨਹੀਂ ਹੋਏ ਕਥਾ ਕਰਨ ਵਾਲੇ ਪੰਡਿਤ ਜੀ ਵੀ ਮੁਕਤ ਨਹੀਂ ਹੋ ਪਾ ਰਹੇ। ਕਈ ਵਿਚਾਰ ਦੀਆਂ ਗਲਾਂ ਕਰਕੇ ਉਹ ਮੁਸਾਫ਼ਰ ਜੋ ਮਹਾਤਮਾ ਬਨ ਚੁੱਕਾ ਸੀ ਮੁੜ ਤਪੱਸਿਆ ਕਰਨ ਤੁਰ ਪਿਆ।
ਬਾਬਾ ਸ਼੍ਰੀ ਚੰਦ ਜੀ ਬੋਲੇ ਉਸ ਮੁਸਾਫ਼ਿਰ ਨੇ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਦਿਨ ਹੀ ਕਥਾ ਸੁਣੀ ਉਸਦੇ ਮਨ ਵਿੱਚ ਵੈਰਾਗ ਜਾਗ ਗਿਆ ਉਹ ਮਹਾਤਮਾ ਬਿਰਤੀ ਵਿਚ ਆ ਗਿਆ। ਜਦ ਕਿ ਰੋਜ਼ ਕਥਾ ਸੁਣਨ ਵਾਲੇ ਬੁਹਤ ਸਾਰੇ ਲੋਕ ਕਥਾ ਸੁਨਾਣ ਵਾਲੇ ਪੰਡਿਤ ਜੀ ਲੰਮਾ ਸਮਾ ਪਾ ਕੇ ਵੀ ਵੈਰਾਗ ਦੇ ਧਾਰਨੀ ਨਹੀਂ ਬਣੇ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ ਆਪ ਸੱਭ ਇਕਾਗਰ ਮਨ ਨਾਲ ਪ੍ਰੇਮ ਭਾਵ ਨਾਲ ਕਥਾ ਸਰਵਣ ਕਰੋ ਮਨ ਦੀ ਇਕਾਗਰਤਾ ਮਨ ਦਾ ਠੇਰਾਵ ਆਪ ਸੱਭ ਨੂੰ ਵੈਰਾਗ ਦੀ ਪ੍ਰਾਪਤੀ ਕਰਵਾਏਗਾ। ਏਹ ਵਿਚਾਰ ਦੇ ਕੇ ਬਾਬਾ ਜੀ ਨੇ ਕਥਾ ਸਮਾਪਤ ਕੀਤੀ।
ਵਾਹਿਗੁਰੂ ਜੀ