15/07/2024
ਸਿਹਤ ਵਿਭਾਗ ਤਰਨਤਾਰਨ ਵਲੋਂ ਸਿਵਲ ਸਰਜਨ ਡਾ ਭਾਰਤ ਭੂਸ਼ਣ ਦੀ ਅਗਵਾਹੀ ਹੇਠ ਐਂਟੀ ਮਲੇਰੀਆ ਮਹੀਨਾ ਤਹਿਤ ਪੂਰਾ ਮਹੀਨਾ ਜੂਨ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ, ਵਰਕਸ਼ਾਪਾ, ਜਾਗਰੂਕਤਾ ਪੋਸਟਰਾਂ ਅਤੇ ਐਂਟੀ ਮਲੇਰੀਆ ਗਤੀਵਿਧੀਆਂ ਰਾਹੀਂ ਆਮ ਜਨਤਾ ਨੂੰ ਮਲੇਰੀਆ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਇਸੇ ਹੀ ਲੜੀ ਵਜੋਂ ਅੱਜ ਦਫਤਰ ਸਿਵਲ ਸਰਜਨ ਤਰਨਤਾਰਨ ਵਿਖੇ ਤੋਂ ਐਂਟੀ ਮਲੇਰੀਆ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਵਾਨਾ ਕੀਤਾ ਗਿਆ।ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਭਾਰਤ ਭੂਸ਼ਣ ਨੇ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਜਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਅਤੇ ਗੰਦਗੀ ਜਮਾਂ੍ਹ ਨਾਂ ਹੋਣ ਦਿੱਤੀ ਜਾਵੇ, ਘਰਾਂ ਦੇ ਨਾਕਾਰਾ ਸਾਮਾਨ ਨੂੰ ਨਸ਼ਟ ਕੀਤਾ ਜਾਵੇ, ਮੱਛਰ-ਦਾਨੀ ਦੀ ਵਰਤੋਂ ਕੀਤੀ ਜਾਵੇ, ਪੂਰੀ ਬਾਹਾਂ ਦੇ ਕਪੜੇ ਪਹਿਨੇ ਜਾਣ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕੀਤਾ ਜਾਵੇ। ਮਲੇਰੀਆ ਦੇ ਆਮ ਲੱਛਣ ਕਾਂਬੇ ਨਾਲ ਬੁਖਾਰ, ਤੇਜ ਸਿਰ ਦਰਦ, ਮਾਸ ਪੇਸ਼ੀਆਂ/ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਅਤੇ ਉਲਟੀਆਂ ਆਦਿ ਹਨ, ਇਸ ਲਈ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਤੋਂ ਆਪਣਾਂ ਮੁਫਤ ਇਲਾਜ ਅਤੇ ਜਾਂਚ ਕਰਵਾਉਣੀ ਚਾਹੀਦੀ ਹੈ।