12/06/2025
🌹ਕਾਕਰੋਚ ਤੇ ਘਰਵਾਲੀ ਦੀ ਲੜਾਈ🌹
ਗੱਲ ਇਹ ਬੜੀ ਮਜ਼ੇਦਾਰ ਹੈ ਪਰ ਇਸ ਲੜਾਈ ਦਾ ਕਿੱਸਾ ਸੁਨਾਉਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਇਸਦੀ ਭੂਮਿਕਾ ਬੰਨ੍ਹਣੀ ਪਵੇਗੀ। ਪਰਸੋਂ ਦੀ ਗੱਲ ਹੈ, ਮੇਰੀ ਵੱਡੀ ਭਤੀਜੀ (ਸਾਡੇ ਵੱਡੇ ਭਾਅ ਜੀ ਦੀ ਬੇਟੀ) ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਦੀ ਬੇਟੀ ਤੇ ਬੇਟਾ ਸਾਡੇ ਘਰ ਮਿਲਣ ਲਈ ਆਏ। ਬੇਟੀ ਦੀ ਬੀਐਡ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੇ ਹੋਸਟਲ ਦਾ ਕਮਰਾ ਖਾਲੀ ਕੀਤਾ ਸੀ ਅਤੇ ਕੁਝ ਸਮਾਨ ਸਾਡੇ ਵੱਲ ਰੱਖ ਕੇ ਜਾਣਾ ਸੀ। ਮੈਂ ਸੋਚ ਰਿਹਾ ਸੀ ਕਿ ਬੇਟੀਆਂ ਕਿੰਨੀ ਜਲਦੀ ਵੱਡੀਆਂ ਹੋ ਜਾਂਦੀਆਂ ਹਨ। ਮੇਰੀ ਇਸ ਭਤੀਜੀ ਦਾ ਜਨਮ 29 ਜੂਨ, 1975 ਨੂੰ ਹੋਇਆ ਸੀ ਅਤੇ ਇਹ ਦਿਨ ਅੱਜ ਵੀ ਮੇਰੀਆਂ ਅਭੁੱਲ ਯਾਦਾਂ ਵਿੱਚ ਤਾਜ਼ਾ ਹੈ। ਇਸੇ ਦਿਨ ਸ਼ਾਮ ਨੂੰ ਮੇਰੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ ਬੀ ਬੀ ਐਸ ਦੇ ਦਾਖ਼ਲੇ ਲਈ ਕਾਊਂਸਲਿੰਗ ਸੀ ਅਤੇ ਮੈਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈਣ ਵਿੱਚ ਸਫਲਤਾ ਪ੍ਰਾਪਤ ਹੋਈ ਸੀ। ਮੈਂ ਖੁਸ਼ੀ ਵਿੱਚ ਛਾਲਾਂ ਮਾਰਦਾ ਜਦੋਂ 30 ਜੂਨ ਦੀ ਸਵੇਰ ਨੂੰ ਆਪਣੇ ਪਿੰਡ ਪਹੁੰਚਿਆ ਸੀ ਤਾਂ ਘਰ ਪਹੁੰਚ ਕੇ ਮੈਨੂੰ ਖ਼ਬਰ ਮਿਲੀ਼ ਸੀ ਕਿ ਸਾਡੇ ਘਰੇ ਛੋਟੀ ਜਿਹੀ "ਬੱਬੂ" ਆਈ ਹੈ। ਮੈਂ ਆਪਣੀ ਭਤੀਜੀ ਨੂੰ ਸ਼ਗਨ ਵਜੋਂ ਕੁਝ ਦੇਣ ਲਈ ਜਦੋਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੇਰੀ ਜੇਬ ਵਿੱਚ ਸਾਡੇ ਭਾਪਾ ਜੀ ਵੱਲੋਂ ਦਿੱਤੇ 60 ਰੁਪਈਆਂ ਵਿੱਚੋਂ 10 ਰੁਪਏ ਦਾ ਨੋਟ ਅਜੇ ਵੀ ਬਾਕੀ ਪਿਆ ਸੀ ਜੋ ਮੈਂ ਆਪਣੀ ਬੱਬੂ ਨੂੰ ਸ਼ਗਨ ਵਜੋਂ ਦਿੱਤਾ। ਅੱਜ ਉਸ ਬੱਬੂ ਦੀ ਬੇਟੀ ਨੇ ਵੀ ਬੀ ਐਡ ਪਾਸ ਕਰ ਲਈ ਹੈ।
ਮੁਆਫ਼ ਕਰਨਾ ਮੇਰੀ ਭੂਮਿਕਾ ਕੁਝ ਜ਼ਿਆਦਾ ਹੀ ਲੰਮੀ ਹੋ ਗਈ, ਮੈਂ ਅੱਜ ਵਾਲੀ ਕਹਾਣੀ ਵੱਲ ਆਉਂਦਾ ਹਾਂ।
ਕੱਲ੍ਹ ਸਵੇਰੇ ਸਾਡੇ ਮਹਿਮਾਨ ਬੱਚੇ ਕਹਿਣ ਲੱਗੇ ,"ਅੰਕਲ, ਚੱਲੋ ਕਿਤੇ ਘੁੰਮਣ ਚੱਲੀਏ।" ਅਸੀਂ ਮੇਰੀ ਪਤਨੀ ਦੀ ਮਨਭਾਉਂਦੀ ਜਗ੍ਹਾ "ਗੁਰਦੁਆਰਾ ਅੰਬ ਸਾਹਿਬ, ਮੋਹਾਲੀ" ਦੇ ਦਰਸ਼ਨ ਕਰਨ ਲਈ ਗਏ। ਦੁਪਹਿਰ ਨੂੰ ਗਰਮੀ ਜ਼ਿਆਦਾ ਹੋਣ ਕਰਕੇ ਅਸੀਂ ਸ਼ਾਮ ਨੂੰ ਅੰਬ ਸਾਹਿਬ ਪਹੁੰਚੇ। ਰਹਿਰਾਸ ਸਾਹਿਬ ਦੇ ਪਾਠ ਦੀ ਅਰਦਾਸ ਉਪਰੰਤ ਆਰਤੀ ਸੁਣ ਕੇ ਅਤੇ ਦੇਗ਼ ਪ੍ਰਸ਼ਾਦ ਲੈਕੇ ਜਦੋਂ ਅਸੀਂ ਬਾਹਰ ਆਏ ਤਾਂ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਗੁੱਗਲੀ ਤੇ ਸ਼ੁੱਭ ਕਿਥੇ ਹਨ ? ਤਾਂ ਉਸ ਦਾ ਜਵਾਬ ਸੀ ਕਿ ਇਥੇ ਹੀ ਕਿਤੇ ਬੋਰ ਹੁੰਦੇ ਹੋਣੇ ਆਂ। ਜਦੋਂ ਅਸੀਂ ਜੋੜਾ ਘਰ ਪਹੁੰਚੇ ਤਾਂ ਦੋਵੇਂ ਆਪੋ ਆਪਣੇ ਮੋਬਾਈਲ ਫ਼ੋਨ ਵਿਚ ਮਸਤ ਸਨ। ਫਿਰ ਮੈਂ ਬੱਚਿਆਂ ਦੀ ਬੋਰੀਅਤ ਦੂਰ ਕਰਨ ਲਈ ਰਸਤੇ ਵਿੱਚ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਬਣੇ ਮਿਰਚੀ ਚਾਟ ਅਤੇ ਬਰਗਰ ਪੁਆਇੰਟ ਤੋਂ ਉਨ੍ਹਾਂ ਨੂੰ ਕੁਝ ਖਵਾਉਣ ਦਾ ਪ੍ਰੋਗਰਾਮ ਬਣਾਇਆ। ਅਸੀਂ ਵੀ ਬੱਚਿਆਂ ਦੇ ਨਾਲ ਫਾਸਟ ਫੂਡ ਦਾ ਮਜ਼ਾ ਲਿਆ। ਸਾਢੇ ਕੁ ਨੌ ਵਜੇ ਅਸੀਂ ਸਾਰੇ ਵਾਪਿਸ ਘਰ ਪਹੁੰਚੇ। ਗਰਮੀ ਅਜੇ ਵੀ ਬਹੁਤ ਸੀ। ਮੇਰੀ ਘਰਵਾਲੀ ਦੀ ਇਹ ਇੱਕ ਰੁਟੀਨ ਹੈ ਕਿ ਬਾਹਰੋਂ ਘੁੰਮ ਫਿਰ ਕੇ ਜਾਂ ਸੈਰ ਕਰਕੇ ਘਰੇ ਆਉਣ ਤੇ, ਠੰਡੇ ਪਾਣੀ ਨਾਲ ਪੈਰ ਧੋ ਕੇ ਉਸਨੂੰ ਬਹੁਤ ਰਾਹਤ ਮਿਲਦੀ ਹੈ। ਇਸ ਲਈ ਘਰ ਵੜਦਿਆਂ ਹੀ ਪਤਨੀ ਸਾਹਿਬਾ ਸਿੱਧੀ ਬਾਥਰੂਮ ਵਿੱਚ ਗਈ। ਪੈਰ ਧੋਣ ਤੋਂ ਪਹਿਲਾਂ ਉਸ ਨੇ ਇੱਕ ਕਾਕਰੋਚ ਬਾਥਰੂਮ ਵਿੱਚ ਟਹਿਲਦਾ ਵੇਖ ਲਿਆ। ਬਸ ਫੇਰ ਕੀ ਸੀ, ਉਨ੍ਹੇ ਲਾਲ ਹਿੱਟ ਚੁੱਕਿਆ ਅਤੇ ਘੁੰਮ ਫਿਰ ਰਹੇ ਵਿਚਾਰੇ ਕਾਕਰੋਚ ਤੇ ਸਿੱਧਾ ਫਾਇਰ (ਸਪਰੇ) ਕੀਤਾ। ਬੇਫ਼ਿਕਰ ਹੋ ਕੇ ਜਦ ਉਹ ਆਪਣੇ ਪੈਰ ਧੋਣ ਲੱਗੀ ਤਾਂ ਕਾਕਰੋਚ ਫ਼ੇਰ ਪਤਾ ਨਹੀਂ ਕਿੱਥੋਂ ਨਿਕਲ ਆਇਆ। ਸ਼ਾਇਦ ਉਹੀ ਕਾਕਰੋਚ ਲਾਲ ਹਿੱਟ ਸਪਰੇਅ ਦੇ ਨਾਲ ਬੌਂਦਲਿਆ ਫਿਰਦਾ ਸੀ। ਮੇਰੀ ਘਰਵਾਲੀ ਘਬਰਾ ਕੇ ਉਸ ਕਾਕਰੋਚ ਤੇ ਆਪਣੇ ਪੈਰ ਦਾ ਵਾਰ ਕਰਨ ਲੱਗੀ ਤਾਂ ਪਹਿਲਾਂ ਕੀਤੇ ਹੋਏ ਹਿੱਟ ਸਪਰੇਅ ਤੋਂ ਤਿਲਕ ਕੇ ਡਿੱਗ ਪਈ।
ਓਧਰ ਅਸੀਂ ਸਾਰੇ ਘਰ ਵੜਦਿਆਂ ਹੀ ਏ ਸੀ ਆਨ ਕਰਕੇ ਤੇ ਪੱਖਾ ਚਲਾ ਕੇ ਆਪੋ ਆਪਣੇ ਮੋਬਾਈਲ ਫ਼ੋਨ ਵਿਚ ਰੁੱਝ ਗਏ ਸੀ। ਘਰਵਾਲੀ ਜਦ ਬਾਥਰੂਮ ਚੋਂ ਬਾਹਰ ਨਿਕਲੀ ਤਾਂ ਸਾਡੇ ਉੱਤੇ ਗੁੱਸਾ ਕੱਢਣ ਲੱਗੀ,"ਤੁਸੀਂ ਸਾਰੇ ਮੋਬਾਈਲ ਤੇ ਟੁੱਚ ਟੁੱਚ ਕਰੀ ਜਾਇਓ, ਕਿਸੇ ਦੀ ਖ਼ਬਰ ਨਾਂ ਲਿਓ।" ਮੈਂ ਤ੍ਰਭਕ ਕੇ ਉਠਿਆ ਅਤੇ ਆਪਣਾ ਮੋਬਾਈਲ ਫੋਨ ਟੇਬਲ ਤੇ ਰੱਖ ਦਿੱਤਾ। ਫੇਰ ਮੈਂ ਪੁੱਛਿਆ,"ਕੀ ਗੱਲ ਹੋਗੀ, ਗਰਮੀ ਤਾਂ ਪਹਿਲਾਂ ਹੀ ਬਹੁਤ ਆ, ਆਪਣਾ ਪਾਰਾ ਕਿਉਂ ਚੜ੍ਹਾ ਲਿਆ?"
"ਤੁਹਾਨੂੰ ਤਾਂ ਹਮੇਸ਼ਾਂ ਹੁੱਜਤਾਂ ਹੀ ਸੁਝਦੀਆਂ ਨੇ, ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਬਹਿ ਕੇ।"
ਘਰਵਾਲੀ ਦਾ ਪਾਰਾ ਕੁਝ ਥੱਲੇ ਆ ਗਿਆ।
ਉਸਨੇ ਹਫ਼ਦੀ ਹੋਈ ਨੇ ਬਾਥਰੂਮ ਦੀ ਸਾਰੀ ਸਟੋਰੀ ਸਾਨੂੰ ਸੁਣਾ ਦਿੱਤੀ। ਕਹਿਣ ਲੱਗੀ,"ਮੇਰਾ ਤਾਂ ਗੋਡਾ ਮੁੜ ਈ ਗਿਆ। ਉੱਠਣ ਲੱਗੀ ਤਾਂ ਉੱਠਿਆਂ ਈ ਨਹੀਂ ਗਿਆ।"
ਮੈਂ ਵੀ ਉਸ ਦੀ ਵਿਥਿਆ ਸੁਣ ਕੇ ਘਬਰਾ ਗਿਆ ਅਤੇ ਮਿੱਠੀ ਜਿਹੀ ਝਿੜਕ ਦੇਂਦਿਆਂ ਕਿਹਾ,"ਚੰਨ, ਤੂੰ ਕਾਹਤੋਂ ਕਾਕਰੋਚ ਨਾਲ ਪੰਗਾ ਲੈਣਾ ਸੀ।" ਜਿਹੜੀ ਵੀ ਦਰਦ ਨਿਵਾਰਕ ਗੋਲੀ਼ ਘਰ ਵਿੱਚ ਪਈ ਸੀ ਲੱਭਕੇ ਉਹਨੂੰ ਖਵਾਈ ਅਤੇ ਆਪਣੀ ਵਾਕਿੰਗ ਸਟਿੱਕ, ਜਿਹੜੀ ਮੈਂ ਚੂਲੇ਼ ਤੇ ਸੱੱਟ ਲੱਗਣ ਤੋਂ ਬਾਅਦ ਵਰਤੀ ਸੀ ਲਿਆ ਕੇ ਉਸ ਨੂੰ ਫੜਾਈ। ਹਾਏ ਹਾਏ ਕਰਦਿਆਂ ਘਰ ਵਾਲੀ ਨੇ ਰਸੋਈ ਦਾ ਰਹਿੰਦਾ ਕੰਮ ਸਮੇਟਿਆ।
ਅਗਲੀ ਸਵੇਰ ਭਤੀਜੀ ਦੀ ਬੇਟੀ ਤੇ ਬੇਟੇ ਨੇ ਵਾਪਸ ਅਮ੍ਰਿਤਸਰ ਆਪਣੇ ਘਰ ਜਾਣਾ ਸੀ। ਛੇਤੀ ਛੇਤੀ ਬ੍ਰੇਕਫਾਸਟ ਕਰਕੇ ਤੇ ਬੱਚਿਆਂ ਨੂੰ ਊਬਰ ਕੈਬ ਤੇ ਬਿਠਾ ਕੇ ਅਸੀਂ ਨੇੜੇ ਦੀ ਲੈਬ ਵਿੱਚ ਪਹੁੰਚੇ। ਘਰਵਾਲੀ ਦੇ ਸੱਜੇ ਗੋਡੇ ਦਾ ਐਕਸ ਰੇ ਕਰਵਾਇਆ। ਸ਼ੁਕਰ ਹੈ ਕਿ ਐਕਸ ਰੇ ਬਿਲਕੁਲ ਸਹੀ ਆਇਆ। ਫਿਜ਼ਓਥੈਰਾਪਿਸਟ ਨੇ ਕਿਹਾ ਕਿ ਤੁਹਾਡੇ ਗੋਡੇ ਮੈਟਲ ਦੇ ਹੋਣ ਕਰਕੇ ਜ਼ਿਆਦਾ ਸੱਟ ਨਹੀਂ ਲੱਗੀ। ਜੇਕਰ ਗੋਡੇ ਅਸਲੀ ਹੁੰਦੇ ਤਾਂ ਹੱਡੀ ਟੁੱਟ ਵੀ ਸਕਦੀ ਸੀ। ਫਿਜ਼ਿਓਥਰੈਪੀ ਕਰਵਾ ਕੇ ਡੇਢ ਦੋ ਘੰਟੇ ਬਾਅਦ ਅਸੀਂ ਘਰ ਪਹੁੰਚੇ। ਮੈਂ ਘਰਵਾਲੀ ਨੂੰ ਥੋੜੇ ਲਾਈਟ ਮੂਡ ਵਿੱਚ ਕਿਹਾ,"ਅਜੇ ਨਾਂ ਬਾਥਰੂਮ ਵਿੱਚ ਪੈਰ ਧੋਣ ਜਾਈਂ।" ਸੁਣਕੇ ਉਹ ਹੱਸ ਪਈ। ਫਿਰ ਪਹਿਲਾਂ ਮੈਂ ਬਾਥਰੂਮ ਵਿੱਚ ਗਿਆ ਅਤੇ ਵੇਖਿਆ ਕਿ ਬਾਥਰੂਮ ਦੇ ਫ਼ਰਸ਼ ਤੇ ਇੱਕ ਕਾਕਰੋਚ ਮਰਿਆ ਪਿਆ ਸੀ। ਮੈਂ ਪਤਨੀ ਨੂੰ ਆਵਾਜ਼ ਮਾਰੀ ਤੇ ਕਿਹਾ ਕਿ,"ਪਹਿਚਾਣ ਇਹ ਇਹ ਓਹੀ ਕਾਕਰੋਚ ਤਾਂ ਨਹੀਂ ਜਿਸ ਤੇ ਤੂੰ ਕੱਲ੍ਹ ਹਿੱਟ ਸਪਰੇਅ ਕੀਤਾ ਸੀ।" ਉਹ ਜਦੋਂ ਅੰਦਰ ਆਈ ਤਾਂ ਇੱਕ ਹੋਰ ਕਾਕਰੋਚ ਕਿਸੇ ਨੁੱਕਰ ਵਿਚੋਂ ਨਿਕਲ ਆਇਆ। ਵੇਖਕੇ ਘਰਵਾਲੀ ਇਹ ਕਹਿੰਦੀ ਬਾਹਰ ਦੌੜ੍ਹ ਗਈ,"ਬੂਹ ਮੈਂ ਮਰ ਗਈ ਇਹ ਫੇਰ ਆ ਗਿਆ?"
ਓਧਰ ਸਾਡੀ ਗੁਗਲੀ ਤੇ ਸ਼ੁੱਭ ਆਪਣੇ ਘਰ ਅਮ੍ਰਿਤਸਰ ਪਹੁੰਚ ਗਏ ਅਤੇ ਆਪਣੀ ਮੱਮੀ ਨੂੰ ਜਾਕੇ ਭੋਲੀ ਆਂਟੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਔਰਤ ਆਕਾਸ਼ਵਾਣੀ ਰਾਹੀਂ ਪੇਕਿਆਂ ਤੇ ਸਹੁਰਿਆਂ ਦੇ ਸਾਰੇ ਅਮਲੇ ਨੂੰ "ਘਰਵਾਲੀ ਤੇ ਕਾਕਰੋਚ ਦੀ ਲੜਾਈ" ਦੀ ਖ਼ਬਰ ਪਹੁੰਚ ਗਈ। ਘਰਵਾਲੀ ਆਪਣੀਆਂ ਭੈਣਾਂ ਦੇ ਫੋਨ ਸੁਣ ਸੁਣ ਕੇ ਥੱਕ ਗਈ ਹੈ। ਸ਼ੁਕਰ ਹੈ ਕਿ ਘਰਵਾਲੀ ਦਾ ਗੋਡਾ ਹਣ ਕਾਫੀ ਠੀਕ ਹੈ। ਲਗਦੈ ਫਿਰ ਕੋਈ ਫ਼ੋਨ ਆ ਗਿਆ। ਕਿਚਨ ਵਿੱਚ ਪਿਆ ਮੋਬਾਈਲ ਫੋਨ ਗਾ ਰਿਹਾ ਹੈ,"ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ।।
ਘਰਵਾਲੀ ਘੂਕ ਸੁੱਤੀ ਪਈ ਹੈ। ਮੈਨੂੰ ਵੀ ਨੀਂਦ ਆ ਰਹੀ ਹੈ।
ਹੁਣ ਤੁਸੀਂ ਹੀ ਦੱਸੋ ਕਿ ਮੈਂ ਫੋਨ ਸੁਣਾਂ ਕੇ ਨਾਂ ?????
ਡਾਕਟਰ ਸਤਿੰਦਰ ਸਿੰਘ ਬੇਦੀ,
MBBS.,MS.(ENT), PCMS-1,
SMO Retired, ENT Specialist at Dashmesh Charitable Dispensary Gurdwara Sacha Dhan Sahib Phase 3B, Mohali ( Punjab)
12/06/2025