03/31/2024
ਨਿਰਭਉ ਨਿਰਵੈਰੁ
ਨਿਰਭਉ ਹੋਣਾ ਬੰਦੇ ਦਾ ਵੱਡਾ ਗੁਣ ਹੈ। ਨਿੱਡਰ ਬੰਦੇ ਦੀ ਨਿਡਰਤਾ ਨੂੰ ਅਕਸਰ ਵਡਿਆਇਆ ਜਾਂਦਾ। ਪਰ ਇਸ ਦਾ ਇੱਕ ਸਾਈਡ ਇਫੈਕਟ ਵੀ ਹੈ। ਨਿੱਡਰ ਬੰਦਾ ਕਈ ਵਾਰ ਬੇਲੋੜੇ ਪੰਗੇ ਵੀ ਲੈਣ ਲੱਗ ਜਾਂਦਾ, ਕਲੇਸ਼ ਨੂੰ ਸੱਦੇ ਦੇਣ ਲੱਗ ਜਾਂਦਾ, ਆਹਡੇ ਲਾਉਣ ਨੂੰ ਤਿਆਰ ਰਹਿੰਦਾ। ਇੰਜ ਨਿਡਰਤਾ ਕਾਰਨ ਬੰਦੇ ਦਾ ਬੇਲੋੜਾ ਆਕ੍ਰਮਕ ਜਾਂ ਹਿੰਸਕ ਹੋਣ ਦਾ ਸੁਭਾਵਿਕ ਖਤਰਾ ਹੁੰਦਾ। ਇਸੇ ਲਈ ਸਾਡੇ ਪੁਰਖਿਆਂ ਨੇ ਨਿਰਭਉ ਦੇ ਨਾਲ ਨਾਲ ਨਿਰਵੈਰੁ ਹੋਣਾ ਜ਼ਰੂਰੀ ਦੱਸਿਆ। ਨਿਰਵੈਰਤਾ ਸਾਨੂੰ ਨਿਰਭਉਤਾ ਦੀ ਦੁਰਵਰਤੋਂ ਤੋਂ ਬਚਾ ਕੇ ਰੱਖਦੀ। ਨਿਰਵੈਰਤਾ ਧਾਰਨ ਕਰੀ ਰੱਖਣ ਨਾਲ ਨਿਰਭਉਤਾ ਆਕ੍ਰਮਿਕ ਜਾਂ ਹਮਲਾਵਰ ਰੂਪ ਨਹੀਂ ਧਾਰਦੀ ਸਗੋਂ ਇਹ ਸਵੈ ਸੁਰੱਖਿਆ ਤੱਕ ਸੀਮਤ ਰਹਿੰਦੀ।
ਨਿਰਭਉਤਾ ਇਕ ਅਜਿਹਾ ਗੁਣ ਹੈ ਜੋ ਮਨੁੱਖ ਵਿੱਚ ਕਾਫੀ ਹੱਦ ਤੱਕ ਕੁਦਰਤੀ ਤੌਰ ਤੇ ਹੁੰਦਾ ਹੈ ਅਤੇ ਜਾਂ ਮਨੁੱਖ ਨੇ ਅਚੇਤ ਰੂਪ ਵਿੱਚ ਗ੍ਰਹਿਣ ਕੀਤਾ ਹੁੰਦਾ ਹੈ। ਪ੍ਰੰਤੂ ਨਿਰਵੈਰਤਾ ਬਹੁਤ ਸੁਚੇਤ ਤੌਰ 'ਤੇ ਅਪਣਾਉਣੀ ਪੈਂਦੀ ਹੈ। ਸਾਡਾ ਮਨ ਵਾਰ-ਵਾਰ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਨਾਲ ਛੋਟਾ ਵੱਡਾ ਵੈਰ ਕਮਾਉਣ ਦੇ ਆਹਰ ਵਿੱਚ ਲੱਗਾ ਰਹਿੰਦਾ ਜਾਂ ਤਾਂਘਦਾ ਰਹਿੰਦਾ ਹੈ। ਮਨ ਦੀ ਜਿਹੀ ਪ੍ਰਵਿਰਤੀ ਪ੍ਰਤੀ ਸੁਚੇਤ ਰਹਿ ਕੇ ਹੀ ਨਿਰਵੈਰ ਰਹਿਣ ਦੀ ਬਿਰਤੀ ਬਣਾਉਂਣੀ ਪੈਂਦੀ ਹੈ। ਇਹ ਵਾਹਵਾ ਔਖਾ ਪਰ ਬੜਾ ਜ਼ਰੂਰੀ ਅਤੇ ਲਗਾਤਾਰ ਕੀਤੇ ਜਾਣ ਵਾਲਾ ਕੰਮ ਹੈ।
ਨਿਰਵੈਰ ਬੰਦੇ ਦਾ ਹੀ ਨਿਰਭਉ ਹੋਣਾ ਸ਼ੁਭ ਹੈ।
✍️by JasWant SiNgh ZaFar